
ਦੋਸ਼ੀ ਨੇ ਇਕ ਚਿੱਠੀ ਲਿਖੀ ਸੀ, ਜਿਸ ਵਿਚ ਉਸ ਨੇ ਕਤਲ ਦਾ ਜ਼ਿਕਰ ਕੀਤਾ ਸੀ ਅਤੇ ਇਸ ਨੂੰ ਕਬੂਲ ਕਰ ਲਿਆ ਸੀ
ਬੈਂਗਲੁਰੂ : ਬੈਂਗਲੁਰੂ ’ਚ ਇਕ 29 ਸਾਲ ਦੀ ਔਰਤ ਦਾ ਬੇਰਹਿਮੀ ਨਾਲ ਕਤਲ ਉਸ ਦੇ ਅਤੇ ਦੋਸ਼ੀ ਵਿਚਾਲੇ ਵਿਆਹ ਨੂੰ ਲੈ ਕੇ ਹੋਏ ਝਗੜੇ ਕਾਰਨ ਹੋਇਆ ਸੀ। ਪੁਲਿਸ ਕਮਿਸ਼ਨਰ ਬੀ ਦਯਾਨੰਦ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ। ਔਰਤ ਦੀ ਲਾਸ਼ ਕਈ ਟੁਕੜਿਆਂ ’ਚ ਉਸ ਦੇ ਘਰ ਦੇ ਫਰਿੱਜ ਵਿਚੋਂ ਮਿਲੀ।
ਦੋਸ਼ੀ ਮੁਕਤੀ ਰੰਜਨ ਰੇ ਨੇ 25 ਸਤੰਬਰ ਨੂੰ ਅਪਣੇ ਗ੍ਰਹਿ ਰਾਜ ਓਡੀਸ਼ਾ ’ਚ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਈ ਸੀ। ਮਹਾਲਕਸ਼ਮੀ ਦੀ ਲਾਸ਼ ਉਸ ਦੀ ਮਾਂ ਅਤੇ ਵੱਡੀ ਭੈਣ ਨੂੰ 21 ਸਤੰਬਰ ਨੂੰ ਬੈਂਗਲੁਰੂ ਦੇ ਵਿਯਾਲੀਕਾਵਲ ਸਥਿਤ ਉਸ ਦੇ ਘਰ ਤੋਂ ਮਿਲੀ ਸੀ। ਲਾਸ਼ ਦੇ 59 ਟੁਕੜੇ ਕੀਤੇ ਗਏ ਸਨ ਅਤੇ ਫਰਿੱਜ ’ਚ ਰੱਖੇ ਗਏ ਸਨ।
ਦਯਾਨੰਦ ਨੇ ਕਿਹਾ, ‘‘ਮ੍ਰਿਤਕਾ ਦੀ ਮਾਂ ਦੀ ਸ਼ਿਕਾਇਤ ਦੇ ਆਧਾਰ ’ਤੇ ਅਸੀਂ 21 ਸਤੰਬਰ ਨੂੰ ਵਿਯਾਲੀਕਾਵਲ ਥਾਣੇ ’ਚ ਦਰਜ ਇਕ ਔਰਤ ਦੀ ਹੱਤਿਆ ਦੇ ਮਾਮਲੇ ’ਚ ਮੁੱਖ ਸ਼ੱਕੀ ਦੀ ਭਾਲ ’ਚ ਦੂਜੇ ਸੂਬਿਆਂ ’ਚ ਗਏ, ਜਿੱਥੇ ਸਾਨੂੰ ਪਤਾ ਲੱਗਾ ਕਿ ਉਸ ਨੇ ਓਡੀਸ਼ਾ ਦੇ ਭਦਰਕ ਜ਼ਿਲ੍ਹੇ ਦੇ ਧੁਸੂਰੀ ਥਾਣਾ ਖੇਤਰ ’ਚ ਖੁਦਕੁਸ਼ੀ ਕਰ ਲਈ ਹੈ। ਸਾਡੇ ਅਧਿਕਾਰੀ ਅਤੇ ਕਰਮਚਾਰੀ ਉੱਥੇ ਗਏ ਹਨ ਅਤੇ ਅਸੀਂ ਜਾਣਕਾਰੀ ਇਕੱਠੀ ਕਰ ਰਹੇ ਹਾਂ।’’
ਉਨ੍ਹਾਂ ਨੇ ਪੱਤਰਕਾਰਾਂ ਨੂੰ ਦਸਿਆ ਕਿ ਦੋਸ਼ੀ ਨੇ ਇਕ ਚਿੱਠੀ ਲਿਖੀ ਸੀ, ਜਿਸ ਵਿਚ ਉਸ ਨੇ ਕਤਲ ਦਾ ਜ਼ਿਕਰ ਕੀਤਾ ਸੀ ਅਤੇ ਇਸ ਨੂੰ ਕਬੂਲ ਕਰ ਲਿਆ ਸੀ।
ਕਮਿਸ਼ਨਰ ਨੇ ਕਿਹਾ, ‘‘ਅਸੀਂ ਉੱਥੋਂ (ਓਡੀਸ਼ਾ) ਸਾਰੀ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ ਮਾਮਲੇ ਦੀ ਜਾਂਚ ਕਰਾਂਗੇ। ਜ਼ਿਆਦਾ ਵੇਰਵੇ ਸਾਂਝੇ ਨਹੀਂ ਕੀਤੇ ਜਾ ਸਕੇ ਕਿਉਂਕਿ ਇਹ ਅਜੇ ਵੀ ਜਾਂਚ ਦਾ ਹਿੱਸਾ ਹੈ ਪਰ ਅਸੀਂ ਪਹਿਲੀ ਨਜ਼ਰ ਵਿਚ ਇਹ ਜਾਣਦੇ ਹਾਂ ਕਿ ਉਨ੍ਹਾਂ ਵਿਚਾਲੇ ਨਿੱਜੀ ਮਤਭੇਦ ਸਨ, ਖ਼ਾਸਕਰ ਵਿਆਹ ਨੂੰ ਲੈ ਕੇ, ਜਿਸ ਤੋਂ ਬਾਅਦ ਇਹ ਘਟਨਾ ਵਾਪਰੀ।’’
ਦਯਾਨੰਦ ਨੇ ਕਿਹਾ ਕਿ ਦੋਸ਼ੀ ਦੇ ਛੋਟੇ ਭਰਾ, ਜੋ ਇੱਥੇ ਰਹਿੰਦਾ ਹੈ, ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ ਅਤੇ ਅਦਾਲਤ ਦੇ ਸਾਹਮਣੇ ਉਸ ਦਾ ਬਿਆਨ ਦਰਜ ਕੀਤਾ ਗਿਆ ਹੈ। ਪੁਲਿਸ ਸੂਤਰਾਂ ਅਨੁਸਾਰ, ਮਹਾਲਕਸ਼ਮੀ ਅਪਣੇ ਪਤੀ ਤੋਂ ਵੱਖ ਹੋਣ ਤੋਂ ਬਾਅਦ ਅਕਤੂਬਰ 2023 ਤੋਂ ਵਿਯਾਲੀਕਾਵਲ ’ਚ ਰਹਿ ਰਹੀ ਸੀ। ਮਹਾਲਕਸ਼ਮੀ ਅਤੇ ਦੋਸ਼ੀ ਰੇ ਕਪੜੇ ਦੀ ਦੁਕਾਨ ’ਤੇ ਇਕੱਠੇ ਕੰਮ ਕਰਦੇ ਸਨ ਅਤੇ ਇਕ-ਦੂਜੇ ਨੂੰ ਲੰਮੇ ਸਮੇਂ ਤੋਂ ਜਾਣਦੇ ਸਨ।