
ਕਿਸੇ ਮਾਮੂਲੀ ਗੱਲ ਨੂੰ ਲੈ ਕੇ ਦੋਸਤਾਂ ਵਿਚਕਾਰ ਹੋਇਆ ਸੀ ਤਕਰਾਰ
ਨਵੀਂ ਦਿੱਲੀ : ਦਿੱਲੀ ਦੇ ਮੰਗੋਲਪੁਰੀ ਇਲਾਕੇ ਵਿੱਚ ਇੱਕ ਸਕੂਲੀ ਵਿਦਿਆਰਥੀ ਦਾ ਕਤਲ ਕਰ ਦਿੱਤਾ ਗਿਆ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਵਿਦਿਆਰਥੀ ਸਕੂਲੀ ਬੱਚਿਆਂ ਵਿਚਕਾਰ ਹੋਈ ਲੜਾਈ ਵਿੱਚ ਸ਼ਾਮਲ ਸਨ। ਸਕੂਲ ਤੋਂ ਬਾਅਦ ਬਾਹਰੀ ਲੋਕਾਂ ਨੇ ਵਿਦਿਆਰਥੀਆਂ ’ਤੇ ਹਮਲਾ ਕਰ ਦਿੱਤਾ। ਜ਼ਖਮੀ ਵਿਦਿਆਰਥੀ ਨੂੰ ਹਸਪਤਾਲ ਲਿਜਾਇਆ ਗਿਆ ਪਰ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਮ੍ਰਿਤਕ ਵਿਦਿਆਰਥੀ ਦਾ ਨਾਮ ਵਿਓਮ ਦੱਸਿਆ ਜਾ ਰਿਹਾ ਹੈ, ਜੋ ਕਿ 10ਵੀਂ ਜਮਾਤ ਦਾ ਵਿਦਿਆਰਥੀ ਸੀ। ਸਥਾਨਕ ਪੁਲਿਸ ਥਾਣਾ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਦਿੱਲੀ ਪੁਲਿਸ ਅਨੁਸਾਰ ਮ੍ਰਿਤਕ ਨੇ ਸਵੇਰੇ ਕਿਸੇ ਨੂੰ ਕੁੱਟਿਆ ਸੀ, ਫਿਰ ਦੁਪਹਿਰ ਨੂੰ ਆਰੋਪੀ ਕੁਝ ਹੋਰ ਮੁੰਡਿਆਂ ਨੂੰ ਲਿਆਇਆ ਅਤੇ ਮ੍ਰਿਤਕ ਨੂੰ ਲੱਤਾਂ ਅਤੇ ਮੁੱਕਿਆਂ ਨਾਲ ਕੁੱਟਿਆ। ਜਦਕਿ ਮ੍ਰਿਤਕ ਵਿਦਿਆਰਥੀ ਦੇ ਦਿਖਾਈ ਦੇਣ ਵਾਲੀਆਂ ਸੱਟਾਂ ਨਹੀਂ ਹਨ। ਮ੍ਰਿਤਕ ਅਤੇ ਆਰੋਪੀ ਵਿਚਕਾਰ 2-3 ਦਿਨ ਪਹਿਲਾਂ ਕਿਸੇ ਮਾਮੂਲੀ ਗੱਲ ’ਤੇ ਲੜਾਈ ਹੋਈ ਸੀ। ਆਰੋਪੀਆਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਗਿਆ ਹੈ। ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਬਾਰੇ ਪਤਾ ਲੱਗ ਸਕੇਗਾ।
ਜ਼ਿਕਰਯੋਗ ਹੈ ਕਿ ਵੀਰਵਾਰ ਰਾਤ ਨੂੰ ਦਿੱਲੀ ਦੇ ਸੀਲਮਪੁਰ ਵਿੱਚ ਵੀ ਇੱਕ ਨਾਬਾਲਗ ਦੀ ਹੱਤਿਆ ਕਰ ਦਿੱਤੀ ਗਈ ਸੀ। ਮ੍ਰਿਤਕ ਦੀ ਪਛਾਣ 15 ਸਾਲਾ ਕਰਨ ਵਜੋਂ ਹੋਈ ਹੈ। ਘਟਨਾ ਵਿੱਚ ਚਾਕੂ ਦੀ ਵਰਤੋਂ ਕੀਤੀ ਗਈ ਸੀ ਅਤੇ ਇਸ ਮਾਮਲੇ ਦੀ ਵੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।