
ਜ਼ਿੰਮੇਵਾਰੀ ਨਿਭਾਉਣ ਲਈ ਸੁਰੱਖਿਆ ਬਲਾਂ ਦੀ ਤਾਰੀਫ਼ ਕੀਤੀ
ਸ੍ਰੀਨਗਰ : ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਸਨਿਚਰਵਾਰ ਨੂੰ ਕਿਹਾ ਕਿ ਸਰਕਾਰ ਅਤੇ ਸੁਰੱਖਿਆ ਬਲ ਅਪਣਾ ਕੰਮ ਕਰ ਰਹੇ ਹਨ ਪਰ ਅਤਿਵਾਦ ਨੂੰ ਖਤਮ ਕਰਨਾ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਲੋਕਾਂ ਦੀ ਵੀ ਜ਼ਿੰਮੇਵਾਰੀ ਹੈ। ਸਿਨਹਾ ਨੇ ਕਿਹਾ ਕਿ ਦੇਸ਼ ਭਰ ’ਚ ਅਤਿਵਾਦ ’ਚ ਬਹੁਤ ਕਮੀ ਆਈ ਹੈ ਅਤੇ ਇਹ ਹੁਣ ਬਹੁਤ ਘੱਟ ਖੇਤਰਾਂ ਤਕ ਸੀਮਤ ਹੈ।
ਉਨ੍ਹਾਂ ਕਿਹਾ, ‘‘ਦੇਸ਼ ਦੇ ਹੋਰ ਹਿੱਸਿਆਂ ’ਚ ਅਤਿਵਾਦ ਘਟਿਆ ਹੈ। ਉੱਤਰ-ਪੂਰਬ ਹੁਣ ਵੱਡੇ ਪੱਧਰ ਉਤੇ ਦਹਿਸ਼ਤਗਰਦੀ ਮੁਕਤ ਹੈ। ਖੱਬੇਪੱਖੀ ਅਤਿਵਾਦ ਜਾਂ ਨਕਸਲਵਾਦ ਹੁਣ ਕੁੱਝ ਜ਼ਿਲ੍ਹਿਆਂ ਤਕ ਸੀਮਤ ਹੈ ਅਤੇ ਮੈਨੂੰ ਯਕੀਨ ਹੈ ਕਿ ਅਗਲੇ ਕੁੱਝ ਮਹੀਨਿਆਂ ਵਿਚ ਇਸ ਦਾ ਦੇਸ਼ ’ਚੋਂ ਸਫਾਇਆ ਹੋ ਜਾਵੇਗਾ। ਕਰਨਾਟਕ, ਕੇਰਲ ਅਤੇ ਖਾਸ ਕਰ ਕੇ ਜੰਮੂ-ਕਸ਼ਮੀਰ ਦੇ ਕੁੱਝ ਖੇਤਰ ਲੰਮੇ ਸਮੇਂ ਤੋਂ ਅਤਿਵਾਦ ਤੋਂ ਪ੍ਰਭਾਵਤ ਹਨ ਅਤੇ ਇਹ ਜ਼ਰੂਰੀ ਹੈ ਕਿ ਅਤਿਵਾਦ ਦਾ ਸਫਾਇਆ ਕੀਤਾ ਜਾਵੇ।’’
ਉਨ੍ਹਾਂ ਅੱਗੇ ਕਿਹਾ, ‘‘ਇਹ ਵਿਕਾਸ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਵਿਚ ਸੱਭ ਤੋਂ ਵੱਡੀ ਰੁਕਾਵਟ ਹੈ। ਸੁਰੱਖਿਆ ਬਲ ਅਤੇ ਪ੍ਰਸ਼ਾਸਨ ਅਪਣਾ ਕੰਮ ਕਰ ਰਹੇ ਹਨ, ਪਰ ਜੰਮੂ-ਕਸ਼ਮੀਰ ਦੇ ਲੋਕਾਂ ਦੀ ਵੀ ਜ਼ਿੰਮੇਵਾਰੀ ਹੈ। ਉਨ੍ਹਾਂ ਨੂੰ ਕਿਸੇ ਵੀ ਅਜਿਹੀ ਚੀਜ਼ ਵਿਚ ਸ਼ਾਮਲ ਨਹੀਂ ਹੋਣਾ ਚਾਹੀਦਾ ਜਿਸ ਨਾਲ ਜਾਣਬੁਝ ਕੇ ਜਾਂ ਅਣਜਾਣੇ ਵਿਚ ਅਜਿਹੀਆਂ ਗਤੀਵਿਧੀਆਂ ਵਿਚ ਵਾਧਾ ਹੋ ਸਕਦਾ ਹੈ। ਇਸ ਨਾਲ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ ਹਨ।’’
ਜੰਮੂ-ਕਸ਼ਮੀਰ ’ਚ ਸਥਿਤੀ ’ਚ ਬਹੁਤ ਸੁਧਾਰ ਹੋਣ ਦਾ ਜ਼ਿਕਰ ਕਰਦਿਆਂ ਸਿਨਹਾ ਨੇ ਕਿਹਾ ਕਿ ਸੜਕਾਂ ਉਤੇ ਹਿੰਸਾ ਅਤੇ ਪੱਥਰਬਾਜ਼ੀ ਹੁਣ ਬੀਤੇ ਸਮੇਂ ਦੀ ਗੱਲ ਬਣ ਗਈ ਹੈ। ਉਨ੍ਹਾਂ ਕਿਹਾ ਕਿ ਸਕੂਲ, ਕਾਲਜ ਅਤੇ ਕਾਰੋਬਾਰ ਦੇਸ਼ ਦੇ ਹੋਰ ਹਿੱਸਿਆਂ ਵਾਂਗ ਕੰਮ ਕਰ ਰਹੇ ਹਨ। ਕਿਸੇ ਵੀ ਵੱਡੇ ਅਤਿਵਾਦੀ ਸੰਗਠਨ ਦਾ ਕੋਈ ਚੋਟੀ ਦਾ ਕਮਾਂਡਰ ਹੁਣ ਜ਼ਿੰਦਾ ਨਹੀਂ ਹੈ। ਇਸ ਸਾਲ ਹੁਣ ਤਕ ਅਤਿਵਾਦੀ ਰੈਂਕਾਂ ਵਿਚ ਸਿਰਫ ਇਕ ਸਥਾਨਕ ਭਰਤੀ ਹੋਈ ਹੈ।