
ਹੁਣ ਮੁੰਡਿਆਂ 'ਤੇ ਵੀ ਐਸਿਡ ਅਟੈਕ! ਵਿਆਹ ਤੋਂ ਇਨਕਾਰ ਕਰਨ 'ਤੇ ਕੁੜੀ ਨੇ ਮੁੰਡੇ 'ਤੇ ਸੁੱਟ ਦਿੱਤਾ ਤੇਜ਼ਾਬ
ਸੋਨੀਪਤ - ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਵਿੱਚ ਇੱਕ ਨੌਜਵਾਨ ਵੱਲੋਂ ਵਿਆਹ ਤੋਂ ਇਨਕਾਰ ਕਰਨ ਤੋਂ ਨਾਰਾਜ਼ ਹੋਈ ਇੱਕ ਲੜਕੀ ਨੇ ਉਸ ਉੱਤੇ ਤੇਜ਼ਾਬ ਸੁੱਟ ਦਿੱਤਾ। ਘਟਨਾ 'ਚ ਜ਼ਖਮੀ ਨੌਜਵਾਨ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਨੌਜਵਾਨ ਲੜਕੇ ਦੇ ਪਰਿਵਾਰਕ ਮੈਂਬਰਾਂ ਵੱਲੋਂ ਮਿਲੀ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਸੂਤਰਾਂ ਨੇ ਦੱਸਿਆ ਕਿ ਪੀੜਤ ਨੌਜਵਾਨ ਸ਼ਿਆਮ (25) ਆਪਣੇ ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਮਯੂਰ ਵਿਹਾਰ 'ਚ ਆਪਣੀ ਭੂਆ ਨਾਲ ਰਹਿੰਦਾ ਹੈ, ਜਿੱਥੇ ਉਸ ਦੀ ਦੋਸ਼ੀ ਲੜਕੀ ਅੰਜਲੀ ਨਾਲ ਦੋਸਤੀ ਹੋਈ। ਦੱਸਿਆ ਜਾ ਰਿਹਾ ਹੈ ਕਿ ਹਾਲ ਹੀ 'ਚ ਅੰਜਲੀ ਨੇ ਸ਼ਿਆਮ ਨਾਲ ਵਿਆਹ ਕਰਨ ਦੀ ਇੱਛਾ ਜ਼ਾਹਰ ਕੀਤੀ ਸੀ, ਅਤੇ ਆਪਣੀ ਮਾਂ ਨਾਲ ਉਸ ਨੌਜਵਾਨ ਦੇ ਘਰ ਰਿਸ਼ਤਾ ਲੈ ਕੇ ਗਈ। ਪੁਲਿਸ ਨੇ ਦੱਸਿਆ ਕਿ ਸ਼ਿਆਮ ਦੀ ਭੂਆ ਨੇ ਇਸ ਰਿਸ਼ਤੇ ਤੋਂ ਇਨਕਾਰ ਕਰ ਦਿੱਤਾ।
ਪੁਲਿਸ ਨੇ ਦੱਸਿਆ ਕਿ ਗੁੱਸੇ 'ਚ ਆਈ ਅੰਜਲੀ ਨੇ ਘਰ ਤੋਂ ਕਰਿਆਨੇ ਦੀ ਦੁਕਾਨ 'ਤੇ ਜਾ ਰਹੇ ਸ਼ਿਆਮ 'ਤੇ ਤੇਜ਼ਾਬ ਸੁੱਟ ਦਿੱਤਾ, ਜਿਸ ਕਾਰਨ ਉਹ ਝੁਲਸ ਗਿਆ।ਸ਼ਿਆਮ ਦੀ ਭੂਆ ਅਨੀਤਾ ਨੇ ਇਸ ਸੰਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਮਾਮਲੇ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਮਯੂਰ ਵਿਹਾਰ ਵਿੱਚ ਸ਼ਿਆਮ ਨਾਮਕ ਨੌਜਵਾਨ ’ਤੇ ਤੇਜ਼ਾਬ ਸੁੱਟਣ ਦੀ ਸ਼ਿਕਾਇਤ ਮਿਲੀ ਹੈ। ਉਸ ਨੇ ਦੱਸਿਆ ਕਿ ਸ਼ਿਆਮ ਵੱਲੋਂ ਵਿਆਹ ਤੋਂ ਇਨਕਾਰ ਕਰਨ ਕਾਰਨ ਦੋਸ਼ੀ ਲੜਕੀ ਨੇ ਅਜਿਹਾ ਕਦਮ ਚੁੱਕਿਆ ਹੈ।
ਪੁਲਿਸ ਵੱਲੋਂ ਇਸ ਮਾਮਲੇ 'ਚ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਇੱਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਹਰਿਆਣਾ 'ਚ ਤੇਜ਼ਾਬ ਦੀ ਵਿਕਰੀ 'ਤੇ ਪਾਬੰਦੀ ਹੈ, ਇਸ ਲਈ ਲੜਕੀ ਨੂੰ ਤੇਜ਼ਾਬ ਕਿੱਥੋਂ ਮਿਲਿਆ, ਇਸ ਦੀ ਵੀ ਜਾਂਚ ਕੀਤੀ ਜਾਵੇਗੀ।