
ਅਲਬੂਸੈਦੀ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ ਕਿ ਉਨ੍ਹਾਂ ਨੇ ਗਾਜ਼ਾ ਵਿਚ ਤੁਰਤ ਜੰਗਬੰਦੀ ਦੀ ਨਾਜ਼ੁਕ ਲੋੜ ’ਤੇ ਜ਼ੋਰ ਦਿਤਾ।
Israel-Hamas Conflict News: ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਸ਼ੁਕਰਵਾਰ ਨੂੰ ਅਪਣੇ ਓਮਾਨੀ ਹਮਰੁਤਬਾ ਬਦਰ ਅਲਬੂਸੈਦੀ ਨਾਲ ਗੱਲ ਕੀਤੀ ਅਤੇ 7 ਅਕਤੂਬਰ ਨੂੰ ਹਮਾਸ ਦੇ ਅਤਿਵਾਦੀਆਂ ਵਲੋਂ ਇਜ਼ਰਾਈਲ ਦੇ ਸ਼ਹਿਰਾਂ ’ਤੇ ਕੀਤੇ ਗਏ ਹਮਲਿਆਂ ਤੋਂ ਬਾਅਦ ਪਛਮੀ ਏਸ਼ੀਆ ਦੇ ਸੰਕਟ ’ਤੇ ਚਰਚਾ ਕੀਤੀ।
ਅਲਬੂਸੈਦੀ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ ਕਿ ਉਨ੍ਹਾਂ ਨੇ ਗਾਜ਼ਾ ਵਿਚ ਤੁਰਤ ਜੰਗਬੰਦੀ ਦੀ ਨਾਜ਼ੁਕ ਲੋੜ ’ਤੇ ਜ਼ੋਰ ਦਿਤਾ। ਉਨ੍ਹਾਂ ਨੇ ਇਸ ਨੂੰ ਇਕ ‘ਚੰਗੀ’ ਗੱਲਬਾਤ ਦਸਿਆ। ਜੈਸ਼ੰਕਰ ਨੇ ਵੀ ‘ਐਕਸ’ ’ਤੇ ਲਿਖਿਆ, ‘‘ਓਮਾਨੀ ਵਿਦੇਸ਼ ਮੰਤਰੀ ਅਲਬੂਸੈਦੀ ਨਾਲ ਚੰਗੀ ਗੱਲਬਾਤ ਹੋਈ। ਅਸੀਂ ਦੁਵੱਲੇ ਸਬੰਧਾਂ ’ਤੇ ਚਰਚਾ ਕੀਤੀ ਅਤੇ ਪਛਮੀ ਏਸ਼ੀਆ ਦੇ ਸੰਕਟ ’ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ।’’
ਅਲਬੂਸੈਦੀ ਨੇ ਕਿਹਾ ਕਿ ਅੰਤਰਰਾਸ਼ਟਰੀ ਕਾਨੂੰਨ ਦਾ ਆਦਰ ਕਰਨਾ ਸਾਰਿਆਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ, ‘‘ਮੈਂ ਗਾਜ਼ਾ ’ਚ ਤੁਰਤ ਜੰਗਬੰਦੀ ਅਤੇ ਜ਼ਰੂਰੀ ਮਾਨਵਤਾਵਾਦੀ ਸਹਾਇਤਾ ਦੀ ਸਪੁਰਦਗੀ ਦੀ ਮਹੱਤਵਪੂਰਨ ਜ਼ਰੂਰਤ ’ਤੇ ਜ਼ੋਰ ਦਿਤਾ। ਕੌਮਾਂਤਰੀ ਕਾਨੂੰਨ ਦਾ ਸਨਮਾਨ ਕਰਨਾ ਸਾਰਿਆਂ ਦੀ ਜ਼ਿੰਮੇਵਾਰੀ ਹੈ, ਤਾਂ ਜੋ ਹਜ਼ਾਰਾਂ ਨਾਗਰਿਕਾਂ ਦੀ ਜਾਨ ਬਚਾਈ ਜਾ ਸਕੇ। ਹੁਣ ਜੰਗ ਬੰਦ ਕਰੋ।’’