
ਪਟੀਸ਼ਨਕਰਤਾ ਨੇ ਕਿਹਾ ਕਿ ਉਨ੍ਹਾਂ ਨੇ ਅਪਣੇ ਮਾਤਾ-ਪਿਤਾ ਦੀ ਇੱਛਾ ਵਿਰੁਧ ਅਪ੍ਰੈਲ ਵਿਚ ਵਿਆਹ ਕੀਤਾ ਸੀ ਅਤੇ ਉਦੋਂ ਤੋਂ ਖ਼ੁਸ਼ੀ-ਖ਼ੁਸ਼ੀ ਨਾਲ ਰਹਿ ਰਹੇ ਹਨ।
ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ ਵਿਆਹ ਤੋਂ ਬਾਅਦ ਅਪਣੇ ਪ੍ਰਵਾਰਾਂ ਵਲੋਂ ਧਮਕੀਆਂ ਦਾ ਸਾਹਮਣਾ ਕਰ ਰਹੇ ਇਕ ਜੋੜੇ ਨੂੰ ਪੁਲਿਸ ਸੁਰੱਖਿਆ ਪ੍ਰਦਾਨ ਕਰਦੇ ਹੋਏ ਕਿਹਾ ਕਿ ਅਪਣੀ ਪਸੰਦ ਦੇ ਵਿਅਕਤੀ ਨਾਲ ਵਿਆਹ ਕਰਨ ਦਾ ਅਧਿਕਾਰ ਅਮਿੱਟ ਅਤੇ ਸੰਵਿਧਾਨ ਦੇ ਤਹਿਤ ਸੁਰੱਖਿਅਤ ਹੈ ਅਤੇ ਪ੍ਰਵਾਰ ਦੇ ਮੈਂਬਰ ਵੀ ਅਜਿਹੇ ਵਿਆਹਾਂ ’ਤੇ ਕੋਈ ਇਤਰਾਜ ਨਹੀਂ ਜਤਾ ਸਕਦੇ।
ਹਾਲ ਹੀ ਦੇ ਹੁਕਮਾਂ ਵਿਚ ਜਸਟਿਸ ਤੁਸ਼ਾਰ ਰਾਓ ਗੇਡੇਲਾ ਨੇ ਜੋਰ ਦੇ ਕੇ ਕਿਹਾ ਕਿ ਸਰਕਾਰ ਸੰਵਿਧਾਨਕ ਤੌਰ ’ਤੇ ਅਪਣੇ ਨਾਗਰਿਕਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਪਾਬੰਦ ਹੈ ਅਤੇ ਹਾਈ ਕੋਰਟ, ਇਕ ਸੰਵਿਧਾਨਕ ਅਦਾਲਤ ਹੋਣ ਕਰ ਕੇ, ਜੋੜੇ ਦੇ ਸੰਵਿਧਾਨਕ ਅਧਿਕਾਰਾਂ ਦੀ ਰਖਿਆ ਕਰਨ ਦੀ ਉਮੀਦ ਕਰਦਾ ਹੈ। ਅਦਾਲਤ ਨੇ ਕਿਹਾ,“ਪਸੰਦ ਦੇ ਵਿਅਕਤੀ ਨਾਲ ਵਿਆਹ ਕਰਨ ਦਾ ਪਟੀਸ਼ਨਕਰਤਾ ਦਾ ਅਧਿਕਾਰ ਅਮਿੱਟ ਹੈ ਅਤੇ ਸੰਵਿਧਾਨ ਦੇ ਤਹਿਤ ਸੁਰੱਖਿਅਤ ਹੈ, ਜਿਸ ਨੂੰ ਕਿਸੇ ਵੀ ਤਰ੍ਹਾਂ ਕਮਜ਼ੋਰ ਨਹੀਂ ਕੀਤਾ ਜਾ ਸਕਦਾ।’’
ਅਦਾਲਤ ਨੇ ਪੁਲਿਸ ਸੁਰੱਖਿਆ ਦੀ ਮੰਗ ਕਰਨ ਵਾਲੇ ਜੋੜੇ ਦੀ ਪਟੀਸ਼ਨ ਦਾ ਨਿਪਟਾਰਾ ਕਰਦੇ ਹੋਏ ਕਿਹਾ,‘‘ਪਟੀਸ਼ਨਕਰਤਾਵਾਂ ਦੇ ਵਿਆਹ ਨਾਲ ਸਬੰਧਤ ਤੱਥ ਅਤੇ ਉਨ੍ਹਾਂ ਦੇ ਬਾਲਗ਼ ਹੋਣ ਨੂੰ ਲੈ ਕੇ ਕੋਈ ਸ਼ੱਕ ਨਹੀਂ ਹੈ। ਕੋਈ ਵੀ ਇਥੇ ਤਕ ਕਿ ਪ੍ਰਵਾਰ ਦੇ ਮੈਂਬਰ ਵੀ ਅਜਿਹੇ ਰਿਸ਼ਤੇ ’ਤੇ ਇਤਰਾਜ ਨਹੀਂ ਜਤਾ ਸਕਦੇ।’’
ਪਟੀਸ਼ਨਕਰਤਾ ਨੇ ਕਿਹਾ ਕਿ ਉਨ੍ਹਾਂ ਨੇ ਅਪਣੇ ਮਾਤਾ-ਪਿਤਾ ਦੀ ਇੱਛਾ ਵਿਰੁਧ ਅਪ੍ਰੈਲ ਵਿਚ ਵਿਆਹ ਕੀਤਾ ਸੀ ਅਤੇ ਉਦੋਂ ਤੋਂ ਖ਼ੁਸ਼ੀ-ਖ਼ੁਸ਼ੀ ਨਾਲ ਰਹਿ ਰਹੇ ਹਨ। ਪਟੀਸ਼ਨਕਰਤਾ ਦਾ ਕਹਿਣਾ ਹੈ ਕਿ ਇਸ ਦੌਰਾਨ ਪ੍ਰਵਾਰ ਦੇ ਮੈਂਬਰਾਂ, ਵਿਸ਼ੇਸ਼ ਕਰ ਕੇ ਕੁੜੀ ਨੂੰ ਧਮਕੀਆਂ ਮਿਲ ਰਹੀਆਂ ਹਨ। ਅਦਾਲਤ ਨੇ ਸਰਕਾਰ ਨੂੰ ਦੋਹਾਂ ਪਟੀਸ਼ਨਕਰਤਾਵਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਅਤੇ ਇਹ ਯਕੀਨੀ ਕਰਨ ਦਾ ਨਿਰਦੇਸ਼ ਦਿਤਾ ਕਿ ਉਨ੍ਹਾਂ ’ਚੋਂ ਕਿਸੇ ਨੂੰ ਵੀ ਵਿਸ਼ੇਸ਼ ਰੂਪ ਨਾਲ ਔਰਤ ਦੇ ਮਾਤਾ-ਪਿਤਾ ਜਾਂ ਪ੍ਰਵਾਰ ਦੇ ਮੈਂਬਰਾਂ ਵਲੋਂ ਕੋਈ ਨੁਕਸਾਨ ਨਾ ਹੋਵੇ।’’ ਅਦਾਲਤ ਨੇ ਸਬੰਧਤ ਬੀਟ ਅਧਿਕਾਰੀ ਨੂੰ ਸਮੇਂ-ਸਮੇਂ ’ਤੇ ਉਨ੍ਹਾਂ ’ਤੇ ਨਜ਼ਰ ਰੱਖਣ ਦਾ ਨਿਰਦੇਸ਼ ਦਿਤਾ।