
ਝੂਠੀਆਂ ਧਮਕੀਆਂ ਦੇਣ ਵਾਲਿਆਂ ਦੀ ਹਵਾਈ ਯਾਤਰਾ ’ਤੇ ਪਾਬੰਦੀ ਲਗਾਉਣ ਲਈ ਕਦਮ ਚੁੱਕ ਰਹੀ ਹੈ ਕੇਂਦਰ ਸਰਕਾਰ : ਨਾਇਡੂ
ਨਵੀਂ ਦਿੱਲੀ : ਭਾਰਤੀ ਏਅਰਲਾਈਨਜ਼ ਨੂੰ ਐਤਵਾਰ ਨੂੰ ਮੁਸਾਫ਼ਰਾਂ ਨੂੰ ਲੈ ਕੇ ਜਾ ਰਹੇ ਘੱਟੋ-ਘੱਟ 50 ਜਹਾਜ਼ਾਂ ਨੂੰ ਬੰਬ ਧਮਾਕੇ ਦੀ ਧਮਕੀ ਮਿਲੀ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿਤੀ। ਪਿਛਲੇ 14 ਦਿਨਾਂ ’ਚ ਭਾਰਤੀ ਹਵਾਬਾਜ਼ੀ ਕੰਪਨੀਆਂ ਵਲੋਂ ਸੰਚਾਲਿਤ 350 ਤੋਂ ਵੱਧ ਉਡਾਣਾਂ ਨੂੰ ਬੰਬ ਦੀਆਂ ਝੂਠੀਆਂ ਧਮਕੀਆਂ ਮਿਲੀਆਂ ਹਨ। ਜ਼ਿਆਦਾਤਰ ਧਮਕੀਆਂ ਸੋਸ਼ਲ ਮੀਡੀਆ ਰਾਹੀਂ ਦਿਤੀਆਂ ਗਈਆਂ ਸਨ।
‘ਅਕਾਸਾ ਏਅਰ’ ਨੇ ਐਤਵਾਰ ਨੂੰ ਕਿਹਾ ਕਿ ਉਸ ਦੀਆਂ 15 ਉਡਾਣਾਂ ਨੂੰ ਸੁਰੱਖਿਆ ਅਲਰਟ ਮਿਲਿਆ ਹੈ ਅਤੇ ਪੂਰੀ ਜਾਂਚ ਤੋਂ ਬਾਅਦ ਸਾਰੀਆਂ ਉਡਾਣਾਂ ਨੂੰ ਚਲਾਉਣ ਦੀ ਇਜਾਜ਼ਤ ਦਿਤੀ ਗਈ ਹੈ। ਸੂਤਰਾਂ ਮੁਤਾਬਕ ਇੰਡੀਗੋ ਨੂੰ 18 ਉਡਾਣਾਂ ਅਤੇ ਵਿਸਤਾਰਾ ਨੂੰ 17 ਉਡਾਣਾਂ ’ਚ ਬੰਬ ਧਮਾਕੇ ਦੀ ਧਮਕੀ ਮਿਲੀ ਹੈ।
ਏਅਰਲਾਈਨਾਂ ਨੂੰ ਬੰਬ ਧਮਾਕੇ ਦੀਆਂ ਧਮਕੀਆਂ ਮਿਲਣ ਦੇ ਮੱਦੇਨਜ਼ਰ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਸੋਸ਼ਲ ਮੀਡੀਆ ਮੰਚਾਂ ਨੂੰ ਜ਼ਿੰਮੇਵਾਰੀਆਂ ਦੀ ਪਾਲਣਾ ਕਰਨ ਅਤੇ ਸੂਚਨਾ ਤਕਨਾਲੋਜੀ (ਆਈ.ਟੀ.) ਨਿਯਮਾਂ ਤਹਿਤ ਸਖਤੀ ਨਾਲ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਗਲਤ ਜਾਣਕਾਰੀ ਤਕ ਪਹੁੰਚ ਨੂੰ ਤੁਰਤ ਹਟਾਉਣ ਜਾਂ ਅਸਮਰੱਥ ਕਰਨ ਲਈ ਕਿਹਾ ਹੈ।
ਇਸ ਦੌਰਾਨ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਏਅਰਲਾਈਨਾਂ ਨੂੰ ਬੰਬ ਦੀਆਂ ਝੂਠੀਆਂ ਧਮਕੀਆਂ ਦੇ ਖਤਰੇ ਨਾਲ ਨਜਿੱਠਣ ਲਈ ਕਾਨੂੰਨੀ ਕਾਰਵਾਈ ਕਰਨ ’ਤੇ ਵਿਚਾਰ ਕਰ ਰਿਹਾ ਹੈ।
ਵਿਸ਼ਾਖਾਪਟਨਮ ’ਚ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਕੇ. ਰਾਮਮੋਹਨ ਨਾਇਡੂ ਨੇ ਐਤਵਾਰ ਨੂੰ ਕਿਹਾ ਕਿ ਕੇਂਦਰ ਸਰਕਾਰ ਬੰਬ ਦੀ ਝੂਠੀ ਧਮਕੀ ਦੇਣ ਵਾਲਿਆਂ ’ਤੇ ਪਾਬੰਦੀ ਲਗਾਉਣ ਲਈ ਕਦਮ ਚੁੱਕਣ ’ਤੇ ਵਿਚਾਰ ਕਰ ਰਹੀ ਹੈ।
ਵਿਸ਼ਾਖਾਪਟਨਮ ਅਤੇ ਵਿਜੇਵਾੜਾ ਦਰਮਿਆਨ ਦੋ ਉਡਾਣਾਂ ਦਾ ਰਸਮੀ ਉਦਘਾਟਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੰਤਰੀ ਨੇ ਕਿਹਾ ਕਿ ਇਨ੍ਹਾਂ ਫਰਜ਼ੀ ਖਤਰਿਆਂ ਨੂੰ ਰੋਕਣ ਲਈ ਕੌਮਾਂਤਰੀ ਏਜੰਸੀਆਂ, ਕਾਨੂੰਨ ਲਾਗੂ ਕਰਨ ਵਾਲੀਆਂ ਸ਼ਾਖਾਵਾਂ ਅਤੇ ਖੁਫੀਆ ਬਿਊਰੋ ਦੀ ਸਹਾਇਤਾ ਲੈਣ ਤੋਂ ਇਲਾਵਾ ਕੇਂਦਰ ਸਰਕਾਰ ਦੋ ਸ਼ਹਿਰੀ ਹਵਾਬਾਜ਼ੀ ਕਾਨੂੰਨਾਂ ’ਚ ਸੋਧ ਕਰਨ ’ਤੇ ਵੀ ਵਿਚਾਰ ਕਰ ਰਹੀ ਹੈ।
ਉਨ੍ਹਾਂ ਕਿਹਾ, ‘‘ਅਸੀਂ ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਕੌਮਾਂਤਰੀ ਏਜੰਸੀਆਂ, ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ, ਖੁਫੀਆ ਬਿਊਰੋ ਦੀ ਵੀ ਮਦਦ ਲੈ ਰਹੇ ਹਾਂ। ਅਸੀਂ ਦੋ ਸ਼ਹਿਰੀ ਹਵਾਬਾਜ਼ੀ ਕਾਨੂੰਨਾਂ ’ਚ ਤਬਦੀਲੀਆਂ ਲਿਆਉਣ ਦੀ ਯੋਜਨਾ ਬਣਾ ਰਹੇ ਹਾਂ।’’
ਉਨ੍ਹਾਂ ਕਿਹਾ, ‘‘ਅਜਿਹੀਆਂ ਗਤੀਵਿਧੀਆਂ ’ਚ ਸ਼ਾਮਲ ਲੋਕਾਂ ਨੂੰ ਸਖਤ ਸਜ਼ਾ ਦਿਤੀ ਜਾਵੇਗੀ ਅਤੇ ਜੁਰਮਾਨਾ ਕੀਤਾ ਜਾਵੇਗਾ। ਅਸੀਂ ਅਜਿਹੇ ਲੋਕਾਂ ਦੀ ਹਵਾਈ ਯਾਤਰਾ ਨੂੰ ਸੀਮਤ ਕਰਨ ਲਈ ਵੀ ਕਦਮ ਚੁੱਕ ਰਹੇ ਹਾਂ। ਅਸੀਂ ਆਉਣ ਵਾਲੇ ਦਿਨਾਂ ’ਚ ਇਸ ਦਾ ਐਲਾਨ ਕਰਾਂਗੇ।’’
ਪਿਛਲੇ 13 ਦਿਨਾਂ ’ਚ ਭਾਰਤੀ ਏਅਰਲਾਈਨਾਂ ਵਲੋਂ ਸੰਚਾਲਿਤ 300 ਤੋਂ ਵੱਧ ਉਡਾਣਾਂ ਨੂੰ ਬੰਬ ਧਮਾਕੇ ਦੀਆਂ ਝੂਠੀਆਂ ਧਮਕੀਆਂ ਮਿਲੀਆਂ ਹਨ। ਜ਼ਿਆਦਾਤਰ ਧਮਕੀਆਂ ਸੋਸ਼ਲ ਮੀਡੀਆ ਰਾਹੀਂ ਦਿਤੀਆਂ ਗਈਆਂ ਸਨ।