
ਕੇਂਦਰ ਸਰਕਾਰ ਨੂੰ ਵੀ ਕਿਸਾਨਾਂ ਦੀਆਂ ਮੰਗਾਂ ਨੂੰ ਤੁਰੰਤ ਮੰਨਣਾ ਚਾਹੀਦਾ ਹੈ।
ਚੰਡੀਗੜ੍ਹ: ਖੇਤੀ ਕਾਨੂੰਨਾਂ ਦੇ ਵਿਰੋਧ ’ਚ ਦਿੱਲੀ ਜਾ ਰਹੇ ਕਿਸਾਨਾਂ ਦਾ ਰੋਸ ਮੁਜ਼ਾਹਰਾ ਅੱਜ ਸ਼ੁੱਕਰਵਾਰ ਨੂੰ ਹਮਲਾਵਰ ਰੁਖ਼ ਅਪਣਾ ਚੁੱਕਾ ਹੈ। ਅਜੇ ਤਕ ਕਿਸਾਨ ਜਥੇਬੰਦੀਆਂ ਨੇ ਸਿੰਧੂ ਬਾਰਡਰ ਉੱਤੇ ਪੁਲਿਸ ਤੇ ਕਿਸਾਨਾਂ ਵਿਚਾਲੇ ਸਿੱਧੀ ਟੱਕਰ ਦੌਰਾਨ ਪੁਲਿਸ ਨੇ ਉੱਥੇ ਅੱਥਰੂ ਗੈਸ ਦੇ ਗੋਲੇ ਦਾਗੇ ਪਰ ਕਿਸਾਨ ਪਿੱਛੇ ਨਹੀਂ ਹਟੇ ਤੇ ਦਿੱਲੀ ਜਾਣ ਦੇ ਆਪਣੇ ਪ੍ਰੋਗਰਾਮ ਉੱਤੇ ਕਾਇਮ ਹਨ। ਪੁਲਿਸ ਦੀ ਕੋਈ ਕਾਰਵਾਈ ਉਨ੍ਹਾਂ ਦੇ ਹੌਸਲੇ ਢਹਿ-ਢੇਰੀ ਨਹੀਂ ਕਰ ਸਕੀ।
ਇਸ ਦੇ ਚਲਦੇ ਦਿੱਲੀ ਗ੍ਰਹਿ ਵਿਭਾਗ ਨੇ ਕਿਹਾ "ਕਿਸਾਨਾਂ ਦੀਆਂ ਮੰਗਾਂ ਜਾਇਜ਼ ਹਨ। ਕੇਂਦਰ ਸਰਕਾਰ ਨੂੰ ਵੀ ਕਿਸਾਨਾਂ ਦੀਆਂ ਮੰਗਾਂ ਨੂੰ ਤੁਰੰਤ ਮੰਨਣਾ ਚਾਹੀਦਾ ਹੈ।ਕਿਸਾਨਾਂ ਨੂੰ ਜੇਲ੍ਹ ਵਿੱਚ ਰੱਖਣਾ ਕੋਈ ਸਮਾਧਾਨ ਨਹੀਂ ਹੈ। ਇਨ੍ਹਾਂ ਦਾ ਅੰਦੋਲਨ ਬਿਲਕੁਲ ਅਹਿੰਸਕ ਹੈ। ਸ਼ਾਂਤੀਪੂਰਨ ਤਰੀਕੇ ਨਾਲ ਅੰਦੋਲਨ ਕਰਨਾ ਹਰ ਭਾਰਤੀ ਨਾਗਰਿਕ ਦਾ ਅਧਿਕਾਰ ਹੈ। ਇਸ ਲਈ ਉਨ੍ਹਾਂ ਨੂੰ ਜੇਲ੍ਹ 'ਚ ਨਹੀਂ ਭੇਜ ਸਕਦੇ। ਦਿੱਲੀ ਪੁਲਿਸ ਦੀ ਸਟੇਡੀਅਮਾਂ ਨੂੰ ਅਸਥਾਈ ਜੇਲ੍ਹਾਂ ਵਿੱਚ ਤਬਦੀਲ ਕਰਨ ਦੀ ਪ੍ਰਵਾਨਗੀ ਦਿੱਲੀ ਸਰਕਾਰ ਨੇ ਨਾਮਨਜੂਰ ਕਰ ਦਿੱਤੀ ਹੈ। "
ਗੌਰਤਲਬ ਹੈ ਕਿ ਦਿੱਲੀ ਦੀਆਂ ਸੀਮਾਵਾਂ ਸਮੇਤ ਨਵੀਂ ਦਿੱਲੀ ਜ਼ਿਲ੍ਹੇ ਦੀਆਂ ਸੀਮਾਵਾਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਨਵੀਂ ਦਿੱਲੀ ਇਲਾਕੇ ’ਚ ਵੀ ਕਿਸੇ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ। ਸਿੰਧੂ, ਟਿਕਰੀ ਤੇ ਬਹਾਦਰਗੜ੍ਹ ਬਾਰਡਰ ਉੱਤੇ ਜ਼ਿਆਦਾ ਦਬਾਅ ਪੈਣ ਕਾਰਨ ਸੀਮਾ ਸੀਲ ਕਰ ਦਿੱਤੀ ਗਈ ਹੈ। ਪੁਲਿਸ ਨੇ ਦਿੱਲੀ-ਬਹਾਦਰਗੜ੍ਹ ਹਾਈਵੇਅ ਦੇ ਟਿਕਰੀ ਬਾਰਡਰ ਉੱਤੇ ਜਮ੍ਹਾ ਕਿਸਾਨਾਂ ਨੂੰ ਖਿੰਡਾੳਣ ਲਈ ਪਾਣੀ ਦੀਆਂ ਬੁਛਾੜਾਂ ਮਾਰੀਆਂ ਹਨ ਤੇ ਅੱਥਰੂ ਗੈਸ ਛੱਡੀ ਹੈ।
ਕਿਸਾਨਾਂ ਦੇ ਰੋਸ ਮੁਜ਼ਾਹਰੇ ਨੂੰ ਵੇਖਦਿਆਂ ਦਿੱਲੀ ਪੁਲਿਸ ਨੇ ਦਿੱਲੀ ਸਰਕਾਰ ਤੋਂ 9 ਸਟੇਡੀਅਮਾਂ ਨੂੰ ਅਸਥਾਈ ਜੇਲ੍ਹਾਂ ਵਿੱਚ ਤਬਦੀਲ ਕਰਨ ਦੀ ਪ੍ਰਵਾਨਗੀ ਮੰਗੀ ਹੈ। ਪੰਜਾਬ ਤੇ ਹਰਿਆਣਾ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਦਿੱਲੀ ਵੱਲ ਵਧ ਰਹੇ ਹਨ। ਦਿੱਲੀ ਜਾਣ ਵਾਲੀਆਂ ਸਾਰੀਆਂ ਗੱਡੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਕਾਰਣ ਦਿੱਲੀ-ਗੁਰੂਗ੍ਰਾਮ ਬਾਰਡਰ ਉੱਤੇ ਲੰਮਾ ਜਾਮ ਲੱਗ ਗਿਆ ਹੈ।