
ਜਾਂਚ ਦੇ ਨਾਮ 'ਤੇ ਹਵਾਈਅੱਡੇ 'ਤੇ ਮਾਰਦੇ ਸੀ ਯਾਤਰੀਆਂ ਨਾਲ ਠੱਗੀ
ਨਵੀਂ ਦਿੱਲੀ : ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦੋ ਹੈੱਡ ਕਾਂਸਟੇਬਲਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ 'ਤੇ ਜਾਂਚ ਦੇ ਨਾਂ 'ਤੇ ਦੁਬਈ ਅਤੇ ਮਸਕਟ ਤੋਂ ਵੱਖ-ਵੱਖ ਯਾਤਰੀਆਂ ਤੋਂ 50 ਲੱਖ ਰੁਪਏ ਦਾ ਸੋਨਾ ਖੋਹਣ ਦਾ ਦੋਸ਼ ਹੈ। ਦੋ ਯਾਤਰੀਆਂ ਨੇ ਦੱਸਿਆ ਕਿ ਪੁਲਿਸ ਵਾਲੇ ਉਨ੍ਹਾਂ ਨੂੰ ਜਾਂਚ ਦੇ ਨਾਂ 'ਤੇ ਜੰਗਲ 'ਚ ਲੈ ਗਏ। ਉੱਥੇ ਉਨ੍ਹਾਂ ਤੋਂ ਸੋਨਾ ਖੋਹ ਲਿਆ ਅਤੇ ਲੜਾਈ ਵੀ ਹੋਈ। ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਦੋਵਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਦੋਵੇਂ ਆਈਜੀਆਈ ਏਅਰਪੋਰਟ ਥਾਣੇ ਦੇ ਸਪੈਸ਼ਲ ਆਪਰੇਸ਼ਨ ਸਕੁਐਡ ਵਿੱਚ ਤਾਇਨਾਤ ਸਨ। ਦੋਵਾਂ ਨੇ ਜਾਂਚ ਦੇ ਨਾਂ 'ਤੇ ਮਸਕਟ ਅਤੇ ਕਤਰ ਤੋਂ ਕੁਝ ਯਾਤਰੀਆਂ ਨੂੰ ਰੋਕਿਆ ਸੀ। ਉਨ੍ਹਾਂ ਕੋਲੋਂ ਕਰੀਬ 50 ਲੱਖ ਰੁਪਏ ਦਾ ਸੋਨਾ ਖੋਹ ਲਿਆ। ਮਸਕਟ ਤੋਂ ਆਏ ਰਾਜਸਥਾਨ ਦੇ ਇੱਕ ਵਿਅਕਤੀ ਨੇ 24 ਦਸੰਬਰ ਨੂੰ ਇਸ ਮਾਮਲੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ।
ਉਨ੍ਹਾਂ ਨੇ ਦੱਸਿਆ ਕਿ 20 ਦਸੰਬਰ ਨੂੰ 2 ਪੁਲਿਸ ਕਰਮਚਾਰੀ ਜਾਂਚ ਦੇ ਨਾਮ 'ਤੇ ਉਨ੍ਹਾਂ ਨੂੰ ਹਵਾਈਅੱਡੇ ਤੋਂ ਜੰਗਲੀ ਖੇਤਰ ਵਿੱਚ ਲੈ ਗਏ। ਇੱਥੇ ਪੁਲਿਸ ਮੁਲਾਜ਼ਮਾਂ ਨੇ ਉਸ ਕੋਲੋਂ 600 ਗ੍ਰਾਮ ਸੋਨਾ ਖੋਹ ਲਿਆ ਅਤੇ ਉਸ ਦੀ ਕੁੱਟਮਾਰ ਵੀ ਕੀਤੀ। 20 ਦਸੰਬਰ ਨੂੰ ਹੀ ਦੁਬਈ ਤੋਂ ਪਰਤੇ ਹੈਦਰਾਬਾਦ ਦੇ ਇਕ ਵਿਅਕਤੀ ਨੇ ਵੀ ਦੋ ਪੁਲਿਸ ਮੁਲਾਜ਼ਮਾਂ ਖ਼ਿਲਾਫ਼ 400 ਗ੍ਰਾਮ ਸੋਨਾ ਖੋਹਣ ਦੀ ਸ਼ਿਕਾਇਤ ਦਰਜ ਕਰਵਾਈ ਸੀ।
ਉਸ ਨੇ ਦੱਸਿਆ ਕਿ ਅਸੀਂ ਆਪਣੇ ਮਾਲਕ ਲਈ ਵਿਦੇਸ਼ ਤੋਂ ਸੋਨਾ ਲਿਆਏ ਸੀ। ਯਾਤਰੀਆਂ ਦੀ ਸ਼ਿਕਾਇਤ 'ਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਦੋਵਾਂ ਹੈੱਡ ਕਾਂਸਟੇਬਲਾਂ ਨੂੰ ਗ੍ਰਿਫ਼ਤਾਰ ਕਰ ਲਿਆ। ਕੁਝ ਮੀਡੀਆ ਰਿਪੋਰਟਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਯਾਤਰੀ ਸੋਨਾ ਤਸਕਰੀ ਕਰ ਕੇ ਭਾਰਤ ਲਿਆਏ ਸਨ। ਹਾਲਾਂਕਿ ਪੁਲਿਸ ਜਾਂ ਹਵਾਈ ਅੱਡੇ ਦੇ ਅਧਿਕਾਰੀਆਂ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।