
1947 ’ਚ ਦੇਸ਼ ਦੀ ਵੰਡ ਮੌਕੇ ਮਨਮੋਹਨ ਸਿੰਘ ਅਪਣੇ ਪਰਵਾਰ ਸਮੇਤ ਪਾਕਿਸਤਾਨ ਛੱਡ ਕੇ ਭਾਰਤ ਆ ਗਏ, ਉਸ ਸਮੇਂ ਉਨ੍ਹਾਂ ਦੀ ਉਮਰ 15 ਸਾਲ ਦੇ ਕਰੀਬ ਸੀ
ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ 92 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ। ਉਨ੍ਹਾਂ ਨੇ ਵੀਰਵਾਰ ਰਾਤ ਦਿੱਲੀ ਏਮਜ਼ ’ਚ ਆਖਰੀ ਸਾਹ ਲਿਆ। ਉਹ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਵਾਲੇ ਪਹਿਲੇ ਸਿੱਖ ਆਗੂ ਸਨ। ਡਾ. ਮਨਮੋਹਨ ਸਿੰਘ ਦੇ ਪੰਜਾਬ ਅਤੇ ਚੰਡੀਗੜ੍ਹ ਨਾਲ ਡੂੰਘੇ ਸਬੰਧ ਸਨ। ਉਨ੍ਹਾਂ ਦਾ ਜਨਮ 26 ਸਤੰਬਰ 1932 ਨੂੰ ਪੰਜਾਬ ਦੇ ਗਾਹ ਪਿੰਡ ਵਿਚ ਹੋਇਆ ਸੀ, ਜੋ ਅੱਜ ਪਾਕਿਸਤਾਨ ’ਚ ਸਥਿਤ ਹੈ।
1947 ਵਿਚ ਜਦੋਂ ਦੇਸ਼ ਦੀ ਵੰਡ ਹੋਈ ਤਾਂ ਮਨਮੋਹਨ ਸਿੰਘ ਅਪਣੇ ਪਰਵਾਰ ਸਮੇਤ ਪਾਕਿਸਤਾਨ ਛੱਡ ਕੇ ਭਾਰਤ ਆ ਗਏ। ਉਸ ਸਮੇਂ ਉਨ੍ਹਾਂ ਦੀ ਉਮਰ 15 ਸਾਲ ਦੇ ਕਰੀਬ ਸੀ। ਭਾਰਤ ਆ ਕੇ ਉਨ੍ਹਾਂ ਦਾ ਪਰਵਾਰ ਅੰਮ੍ਰਿਤਸਰ ਆ ਕੇ ਵਸ ਗਿਆ। ਮਨਮੋਹਨ ਸਿੰਘ ਨੇ ਅਪਣੀ ਮੁੱਢਲੀ ਪੜ੍ਹਾਈ ਅੰਮ੍ਰਿਤਸਰ ਵਿਚ ਹੀ ਕੀਤੀ। ਬਾਅਦ ਵਿਚ ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ (ਪੀਯੂ), ਚੰਡੀਗੜ੍ਹ ਵਿਚ ਇਕ ਪ੍ਰੋਫ਼ੈਸਰ ਵਜੋਂ ਸੇਵਾ ਕੀਤੀ।
ਸਾਦੇ ਸੁਭਾਅ ਵਾਲੇ ਮਨਮੋਹਨ ਸਿੰਘ ਨੇ ਇਕ ਪੁਰਾਣੇ ਦੋਸਤ ਡਾ. ਕੇਸਰ ਸਿੰਘ ਦੇ ਕਹਿਣ ’ਤੇ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਰਚ (ਆਈ.ਆਈ.ਐਸ.ਈ.ਆਰ.) ਨੂੰ 16 ਕਰੋੜ ਰੁਪਏ ਦੀ ਗ੍ਰਾਂਟ ਵੀ ਦਿਤੀ। ਮਨਮੋਹਨ ਸਿੰਘ, ਅਪਣੇ ਨਿਮਰ ਸੁਭਾਅ ਅਤੇ ਸ਼ਿਸ਼ਟਾਚਾਰ ਲਈ ਮਸ਼ਹੂਰ, ਕੁੱਲ੍ਹ 6 ਵਾਰ ਰਾਜ ਸਭਾ ਮੈਂਬਰ ਰਹੇ। ਉਹ ਆਖ਼ਰੀ ਵਾਰ ਸਾਲ 2019 ਵਿਚ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਚੁਣੇ ਗਏ ਸਨ। ਰਾਜ ਸਭਾ ਵਿਚ ਦਿਤੇ ਹਲਫ਼ਨਾਮੇ ਮੁਤਾਬਕ ਮਨਮੋਹਨ ਸਿੰਘ ਕੋਲ ਕੁੱਲ 15 ਕਰੋੜ 77 ਲੱਖ ਰੁਪਏ ਦੀ ਜਾਇਦਾਦ ਹੈ।
ਮਨਮੋਹਨ ਸਿੰਘ ਦਾ ਦਿੱਲੀ ਅਤੇ ਚੰਡੀਗੜ੍ਹ ਵਿਚ ਇਕ-ਇਕ ਘਰ ਵੀ ਹੈ। ਹਲਫ਼ਨਾਮੇ ਮੁਤਾਬਕ ਮਨਮੋਹਨ ਸਿੰਘ ’ਤੇ ਕੋਈ ਕਰਜ਼ਾ ਨਹੀਂ ਸੀ। ਅਪਣੀ ਪਤਨੀ ਗੁਰਸ਼ਰਨ ਕੌਰ ਤੋਂ ਇਲਾਵਾ ਉਸ ਦੇ ਪਰਵਾਰ ਵਿਚ ਤਿੰਨ ਧੀਆਂ ਹਨ। ਮਨਮੋਹਨ ਸਿੰਘ ਦਾ ਪੰਜਾਬ ਖ਼ਾਸ ਕਰ ਕੇ ਚੰਡੀਗੜ੍ਹ ਨਾਲ ਬਹੁਤ ਪਿਆਰ ਸੀ। 2007 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਅਕਾਲੀ-ਭਾਜਪਾ ਗਠਜੋੜ ਨੂੰ ਬਹੁਮਤ ਮਿਲਿਆ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਸਰਕਾਰ ਬਣਾਈ।
2012 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਅਕਾਲੀ-ਭਾਜਪਾ ਗਠਜੋੜ ਮੁੜ ਸੱਤਾ ਵਿਚ ਆਇਆ। ਵੱਡੇ ਬਾਦਲ ਖ਼ੁਦ ਕਿਹਾ ਕਰਦੇ ਸਨ ਕਿ ਡਾ. ਮਨਮੋਹਨ ਸਿੰਘ ਤੋਂ ਜੋ ਮਰਜ਼ੀ ਮੰਗ ਲਵੋ, ਉਹ ਪੰਜਾਬ ਲਈ ਨਾਂਹ ਨਹੀਂ ਕਰਦੇ। ਇਸੇ ਤਹਿਤ ਪ੍ਰਧਾਨ ਮੰਤਰੀ ਹੁੰਦਿਆਂ ਪੰਜਾਬ ਦੀ ਖ਼ੂਬ ਮਦਦ ਕੀਤੀ।