
ਸ਼ੱਕੀ ਅਤਿਵਾਦੀਆਂ ਨੇ ਜੰਮੂ ਅਤੇ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ 'ਚ ਅੱਜ ਇਕ ਫ਼ੌਜੀ ਕੈਂਪ 'ਤੇ ਹਮਲਾ ਕਰ ਦਿਤਾ......
ਸ਼ੋਪੀਆਂ : ਸ਼ੱਕੀ ਅਤਿਵਾਦੀਆਂ ਨੇ ਜੰਮੂ ਅਤੇ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ 'ਚ ਅੱਜ ਇਕ ਫ਼ੌਜੀ ਕੈਂਪ 'ਤੇ ਹਮਲਾ ਕਰ ਦਿਤਾ। ਅਧਿਕਾਰੀਆਂ ਅਨੁਸਾਰ ਇਸ ਹਮਲੇ 'ਚ ਕੋਈ ਜ਼ਖ਼ਮੀ ਨਹੀਂ ਹੋਇਆ। ਸ੍ਰੀਨਗਰ 'ਚ ਫ਼ੌਜ ਦੇ ਬੁਲਾਰੇ ਕਲ. ਰਾਜੇਸ਼ ਕਾਲੀਆ ਨੇ ਕਿਹਾ ਕਿ 44 ਰਾਸ਼ਟਰੀ ਰਾਈਫ਼ਲਜ਼ ਦੇ ਕੰਪਨੀ ਆਪਰੇਟਿੰਗ ਬੇਸ 'ਤੇ ਸ਼ਾਮ 6:45 ਵਜੇ ਗੋਲੀਆਂ ਚਲਾਈਆਂ ਗਈਆਂ। ਹਾਲਾਂਕਿ ਹਮਲਾ ਬੇਅਸਰ ਰਿਹਾ ਅਤੇ ਕੋਈ ਜ਼ਖ਼ਮੀ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਹਮਲੇ ਦਾ ਜਵਾਬ ਦਿਤਾ ਗਿਆ। ਇਕ ਪੁਲਿਸ ਅਫ਼ਸਰ ਨੇ ਕਿਹਾ ਕਿ ਦੋਹਾਂ ਪਾਸਿਆਂ ਤੋਂ ਕੁੱਝ ਦੇਰ ਤਕ ਗੋਲੀਆਂ ਚਲਦੀਆਂ ਰਹੀਆਂ।
ਇਹ ਲਗਾਤਾਰ ਤੀਜਾ ਦਿਨ ਹੈ ਜਦੋਂ ਕਸ਼ਮੀਰ 'ਚ ਹਮਲਾ ਹੋਇਆ ਹੈ। ਸਨਿਚਰਵਾਰ ਨੂੰ ਜੈਸ਼ ਏ ਮੁਹੰਮਦ ਦੇ ਦੋ ਅਤਿਵਾਦੀ ਸ੍ਰੀਨਗਰ ਦੇ ਬਾਹਰਵਾਰ ਸੁਰੱਖਿਆ ਦਸਤਿਆਂ ਨਾਲ ਮੁਕਾਬਲੇ 'ਚ ਮਾਰੇ ਗਏ ਸਨ। ਪੁਲਿਸ ਨੇ ਕਿਹਾ ਸੀ ਕਿ ਮਾਰੇ ਗਏ ਅਤਿਵਾਦੀ ਗਣਤੰਤਰ ਦਿਵਸ ਮੌਕੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸਨ। ਸ਼ੁਕਰਵਾਰ ਨੂੰ ਵੀ ਅਤਿਵਾਦੀਆਂ ਨੇ ਪੁਲਿਸ ਅਤੇ ਸੀ.ਆਰ.ਪੀ.ਐਫ਼. 'ਤੇ ਗਰੇਨੇਡ ਬੰਬਾਂ ਨਾਲ ਹਮਲਾ ਕੀਤਾ ਸੀ। ਇਸ ਹਮਲੇ 'ਚ ਇਕ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਿਆ ਸੀ। (ਏਜੰਸੀਆਂ)