
ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਅਤਿਵਾਦੀ ਜਥੇਬੰਦੀਆਂ ਅਤੇ ਵੱਖਵਾਦੀਆਂ ਨੂੰ ਪੈਸਾ ਦੇਣ ਅਤੇ 14 ਫ਼ਰਵਰੀ ਨੂੰ ਸੀ.ਆਰ.ਪੀ.ਐਫ਼.
ਸ੍ਰੀਨਗਰ : ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਅਤਿਵਾਦੀ ਜਥੇਬੰਦੀਆਂ ਅਤੇ ਵੱਖਵਾਦੀਆਂ ਨੂੰ ਪੈਸਾ ਦੇਣ ਅਤੇ 14 ਫ਼ਰਵਰੀ ਨੂੰ ਸੀ.ਆਰ.ਪੀ.ਐਫ਼. ਦੇ ਇਕ ਕਾਫ਼ਲੇ 'ਤੇ ਅਤਿਵਾਦੀ ਹਮਲੇ ਨਾਲ ਜੁੜੇ ਮਾਮਲੇ ਦੇ ਸਿਲਸਿਲੇ 'ਚ ਬੁਧਵਾਰ ਨੂੰ ਦਖਣੀ ਕਸ਼ਮੀਰ ਦੇ 11 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਇਕ ਬਿਆਨ 'ਚ ਇਹ ਕਿਹਾ ਗਿਆ ਕਿ ਐਨ.ਆਈ.ਏ. ਨੇ ਬਿਆਨ 'ਚ ਕਿਹਾ ਕਿ ਜੈਸ਼-ਏ-ਮੁਹੰਮਦ ਦੇ ਸਰਗਰਮ ਅਤਿਵਾਦੀ ਅਤੇ ਪੁਲਵਾਮਾ 'ਚ ਹਾਲ ਦੇ ਅਤਿਵਾਦੀ ਹਮਲੇ ਦੇ ਮੁੱਖ ਮੁਲਜ਼ਮ ਮਦੱਸੀਰ ਅਹਿਮਦ ਖ਼ਾਨ ਅਤੇ ਸੱਜਾਦ ਭੱਟ ਦੇ ਘਰਾਂ 'ਤੇ ਛਾਪੇਮਾਰੀ ਕੀਤੀ ਗਈ।
ਇਸ 'ਚ ਕਿਹਾ ਗਿਆ ਹੈ ਕਿ ਦਖਣੀ ਕਸ਼ਮੀਰ ਦੇ ਤਰਾਲ, ਅਵੰਤੀਪੁਰਾ ਅਤੇ ਪੁਲਵਾਮਾ 'ਚ ਜੈਸ਼ ਦੇ ਸਰਗਰਮ ਕਾਰਕੁਨਾਂ ਦੇ ਘਰਾਂ 'ਤੇ ਵੀ ਛਾਪੇਮਾਰੀ ਕੀਤੀ ਗਈ।
ਐਨ.ਆਈ.ਏ. ਨੇ ਕਿਹਾ ਕਿ ਬਰਾਮਦ ਕੀਤੀ ਗਈ ਸਮੱਗਰੀ 'ਚ ਕੋਡ 'ਚ ਲਿਖੀ ਸਮੱਗਰੀ ਵਾਲੀਆਂ ਡਾਇਰੀਆ ਸ਼ਾਮਲ ਹਨ। ਜਾਂਚ ਏਜੰਸੀ ਨੇ ਅਤਿਵਾਦ ਲਈ ਪੈਸਾ ਦੇਣ ਦੇ ਸਿਲਸਿਲੇ 'ਚ ਦਖਣੀ ਕਸ਼ਮੀਰ ਦੇ ਤਿੰਨ ਵੱਖਵਾਦੀ ਆਗੂਆਂ ਮੁਹੰਮਦ ਸ਼ਬਾਨ ਡਾਰ, ਸ਼ੌਕਤ ਮੌਲਵੀ ਅਤੇ ਯਾਸਮੀਨ ਰਜ਼ਾ ਦੇ ਘਰਾਂ ਦੀ ਵੀ ਤਲਾਸ਼ੀ ਲਈ।
ਇਸ 'ਚ ਕਿਹਾ ਗਿਆ ਹੈ ਕਿ ਅਤਿਵਾਦ ਲਈ ਪੈਸਾ ਦੇਣ ਨਾਲ ਸਬੰਧਤ ਦਸਤਾਵੇਜ਼, ਕੋਡ ਵਾਲੇ ਸੰਦੇਸ਼ ਅਤੇ ਜੇਹਾਦੀ ਸਾਹਿਤ ਬਰਾਮਦ ਕੀਤਾ ਗਿਆ। ਐਨ.ਆਈ.ਏ. ਭਾਰੀ ਮਾਤਰਾ 'ਚ ਦਸਤਾਵੇਜ਼ ਜ਼ਬਤ ਕੀਤੇ ਹਨ ਜਿਸ 'ਚ ਜਾਇਦਾਦ, ਵਿੱਤੀ ਲੈਣ-ਦੇਣ ਦੇ ਕਾਗਜ਼, ਇਲੈਕਟ੍ਰਾਨਿਕ ਉਪਕਰਨ, ਮੋਬਾਈਲ ਫ਼ੋਨ, ਸਿਮ ਕਾਰਡ ਆਦਿ ਸ਼ਾਮਲ ਹਨ। (ਪੀਟੀਆਈ)