
ਮੁੱਖ ਚੋਣ ਕਮਿਸ਼ਨਰ ਓ ਪੀ ਰਾਵਤ ਨੇ ਇਹ ਐਲਾਨ ਕਰਦਿਆ ਦਸਿਆ ਕਿ ਕਰਨਾਟਕ ਦੀ 224 ਮੈਂਬਰੀ ਵਿਧਾਨ ਸਭਾ ਲਈ ਪਿਛਲੀ ਵਾਰ ਵਾਂਗ ਇਸ ਵਾਰ ਵੀ ਇਕ ਹੀ ਗੇੜ ਵਿਚ ਵੋਟਾਂ ਪੈਣਗੀਆਂ।
ਕਰਨਾਟਕ ਵਿਧਾਨ ਸਭਾ ਦੀਆਂ ਚੋਣਾਂ 12 ਮਈ ਨੂੰ ਹੋਣਗੀਆਂ ਅਤੇ 15 ਮਈ ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਮੁੱਖ ਚੋਣ ਕਮਿਸ਼ਨਰ ਓ ਪੀ ਰਾਵਤ ਨੇ ਇਹ ਐਲਾਨ ਕਰਦਿਆ ਦਸਿਆ ਕਿ ਕਰਨਾਟਕ ਦੀ 224 ਮੈਂਬਰੀ ਵਿਧਾਨ ਸਭਾ ਲਈ ਪਿਛਲੀ ਵਾਰ ਵਾਂਗ ਇਸ ਵਾਰ ਵੀ ਇਕ ਹੀ ਗੇੜ ਵਿਚ ਵੋਟਾਂ ਪੈਣਗੀਆਂ।
ਪਰ ਭਾਜਪਾ ਦੇ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਯ ਨੇ ਅੱਜ ਚੋਣ ਕਮਿਸ਼ਨ ਦੇ ਐਲਾਨ ਤੋਂ ਪਹਿਲਾਂ ਹੀ ਕਰਨਾਟਕ ਵਿਧਾਨ ਸਭਾ ਚੋਣਾਂ ਦੀ ਤਰੀਕ ਬਾਰੇ ਟਵਿਟਰ 'ਤੇ ਐਲਾਨ ਕਰ ਦਿਤਾ ਜਿਸ ਕਾਰਨ ਵਿਵਾਦ ਖੜਾ ਹੋ ਗਿਆ। ਚੋਣ ਕਮਿਸ਼ਨ ਨੇ ਇਸ ਨੂੰ ਗੰਭੀਰ ਮੁੱਦਾ ਦਸਦਿਆਂ ਕਿਹਾ ਕਿ ਪੂਰੇ ਮਾਮਲੇ ਦੀ ਜਾਂਚ ਲਈ ਕਮੇਟੀ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਮਾਲਵੀਯ ਨੇ ਟਵੀਟ ਉਸ ਸਮੇਂ ਕੀਤਾ ਜਦ ਮੁੱਖ ਚੋਣ ਕਸ਼ਿਨਰ ਓ ਪੀ ਰਾਵਤ ਚੋਣ ਤਰੀਕਾਂ ਦੇ ਐਲਾਨ ਸਬੰਧੀ ਪੱਤਰਕਾਰ ਸੰਮੇਲਨ ਨੂੰ ਸੰਬੋਧਤ ਕਰ ਰਹੇ ਸਨ ਅਤੇ ਉਨ੍ਹਾਂ ਹਾਲੇ ਵੋਟਿੰਗ ਤੇ ਗਿਣਤੀ ਦੀਆਂ ਤਰੀਕਾਂ ਦਾ ਐਲਾਨ ਨਹੀਂ ਕੀਤਾ ਸੀ। ਇਸ ਬਾਰੇ ਪੁੱਛੇ ਜਾਣ 'ਤੇ ਰਾਵਤ ਨੇ ਕਿਹਾ ਕਿ ਇਹ ਗੰਭੀਰ ਮਾਮਲਾ ਹੈ ਅਤੇ ਸਖ਼ਤ ਕਾਨੂੰਨੀ ਤੇ ਪ੍ਰਸ਼ਾਸਨਿਕ ਕਾਰਵਾਈ ਕੀਤੀ ਜਾਵੇਗੀ। ਬਾਅਦ ਵਿਚ ਕਮਿਸ਼ਨ ਨੇ ਪੂਰੇ ਮਾਮਲੇ ਦੀ ਜਾਂਚ ਲਈ ਅਧਿਕਾਰੀਆਂ ਦੀ ਕਮੇਟੀ ਬਣਾ ਦਿਤੀ। ਉਧਰ, ਕਾਂਗਰਸ ਨੇ ਭਾਜਪਾ 'ਤੇ ਹੱਲਾ ਬੋਲਦਿਆਂ ਕਿਹਾ ਕਿ ਭਾਜਪਾ ਸੁਪਰ ਇਲੈਕਸ਼ਨ ਕਮਿਸ਼ਨ ਬਣ ਗਈ ਹੈ।
ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਰਾਵਤ ਨੇ ਦਸਿਆ ਕਿ ਇਨ੍ਹਾਂ ਚੋਣਾਂ ਦੀ ਨੋਟੀਫ਼ੀਕੇਸ਼ਨ 17 ਅਪ੍ਰੈਲ ਨੂੰ ਜਾਰੀ ਕੀਤੀ ਜਾਵੇਗੀ।
Rawat
ਨਾਮਜ਼ਦਗੀ ਪੱਤਰ 24 ਅਪ੍ਰੈਲ ਤਕ ਦਾਖ਼ਲ ਕੀਤੇ ਜਾ ਸਕਣਗੇ ਅਤੇ ਨਾਮਜ਼ਦਗੀ ਵਾਪਸ ਲੈਣ ਦੀ ਆਖ਼ਰੀ ਤਰੀਕ 27 ਅਪ੍ਰੈਲ ਹੋਵੇਗੀ। ਕਰਨਾਟਕ ਵਿਚ ਸੱਤਾਧਾਰੀ ਕਾਂਗਰਸ ਅਤੇ ਵਿਰੋਧੀ ਧਿਰ ਭਾਜਪਾ ਦੋਹਾਂ ਲਈ ਇਨ੍ਹਾਂ ਚੋਣਾਂ ਨੂੰ ਸਿਆਸੀ ਤੌਰ 'ਤੇ ਅਹਿਮ ਮੰਨਿਆ ਜਾ ਰਿਹਾ ਹੈ।ਪਿਛਲੇ ਕੁੱਝ ਸਾਲਾਂ ਵਿਚ ਕਈ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਕਰਨਾਟਕ ਹੀ ਇਕਲੌਤਾ ਵੱਡਾ ਸੂਬਾ ਹੈ ਜਿਥੇ ਕਾਂਗਰਸ ਸੱਤਾ ਵਿਚ ਹੈ। ਭਾਜਪਾ ਇਨ੍ਹਾਂ ਚੋਣਾਂ ਵਿਚ ਕਾਂਗਰਸ ਨੂੰ ਸੱਤਾ ਤੋਂ ਬੇਦਖ਼ਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵਗੌੜਾ ਦੀ ਅਗਵਾਈ ਵਾਲੀ ਜਨਤਾ ਦਲ ਸੈਕੂਲਰ ਇਹ ਚੋਣਾਂ ਲੜਨ ਵਾਲੀ ਤੀਜੀ ਪਾਰਟੀ ਹੈ। ਭਾਜਪਾ ਦੀ ਨਜ਼ਰ ਕਾਂਗਰਸ ਦਾ ਆਖ਼ਰੀ ਵੱਡਾ ਕਿਲ੍ਹਾ ਫ਼ਤਿਹ ਕਰਨ ਵਲ ਹੈ। ਇਨ੍ਹਾਂ ਚੋਣਾਂ ਦਾ ਨਤੀਜਾ ਤੈਅ ਕਰੇਗਾ ਕਿ ਰਾਜ ਦੇ ਮੁੱਖ ਮੰਤਰੀ ਸਿਧਾਰਮਈਆ ਭਾਜਪਾ ਬ੍ਰਿਗੇਡ ਨੂੰ ਹਰਾ ਕੇ ਕਾਂਗਰਸ ਦੀ ਸੱਤਾ ਨੂੰ ਕਾਇਮ ਰੱਖਣ ਵਿਚ ਕਾਮਯਾਬ ਹੁੰਦੇ ਹਨ ਜਾਂ ਨਹੀਂ। ਭਾਜਪਾ ਦੀ ਰਣਨੀਤੀ ਕਰਨਾਟਕ ਵਿਚ ਕਾਂਗਰਸ ਦਾ ਕਿਲ੍ਹਾ ਫ਼ਤਿਹ ਕਰ ਕੇ ਉਸ ਨੂੰ ਪੰਜਾਬ, ਮਿਜ਼ੋਰਮ ਅਤੇ ਪੁਡੂਚੇਰੀ ਦੀ ਸੱਤਾ ਤਕ ਸੀਮਤ ਰਖਣਾ ਅਤੇ ਯੂਪੀ ਵਿਚ ਦੋ ਲੋਕ ਸਭਾ ਖੇਤਰਾਂ ਦੀਆਂ ਜ਼ਿਮਨੀ ਚੋਣਾਂ ਵਿਚ ਹੋਈ ਹਾਰ ਦਾ ਬਦਲਾ ਲੈਣਾ ਹੈ। ਕਰਨਾਟਕ ਹੀ ਇਕੋ-ਇਕ ਵੱਡਾ ਰਾਜ ਹੈ ਜਿਥੇ ਕਾਂਗਰਸ ਕਾਬਜ਼ ਹੈ। ਰਾਹੁਲ ਗਾਂਧੀ ਵਲੋਂ ਕਾਂਗਰਸ ਦੀ ਪ੍ਰਧਾਨਗੀ ਸੰਭਾਲਣ ਤੋਂ ਬਾਅਦ ਕਾਂਗਰਸ ਦੀ ਸਰਕਾਰ ਵਾਲੇ ਕਿਸੇ ਸੂਬੇ 'ਚ ਪਹਿਲੀ ਵਾਰੀ ਚੋਣਾਂ ਹੋਣ ਵਾਲੀਆਂ ਹਨ ਜੋ ਰਾਹੁਲ ਦੀ ਅਗਵਾਈ ਦਾ ਵੀ ਇਮਤਿਹਾਨ ਹੋਵੇਗਾ।
(ਏਜੰਸੀ)