
ਮੁਕਾਬਲੇ ਵਾਲੀ ਜਗ੍ਹਾ ਤੋਂ ਤਿੰਨ ਏ.ਕੇ. ਰਾਈਫ਼ਲ ਸਮੇਤ ਸ਼ੱਕੀ ਸਮੱਗਰੀ ਬਰਾਮਦ
ਸ੍ਰੀਨਗਰ : ਜੰਮੂ-ਕਸ਼ਮੀਰ ਦੇ ਸ਼ੋਪੀਆ ਅਤੇ ਕੁਪਵਾੜਾ ਜ਼ਿਲ੍ਹੇ ਵਿਚ ਵੀਰਵਾਰ ਨੂੰ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਹਿਜ਼ਬੁਲ ਮੁਜਾਹਿਦੀਨ ਅਤੇ ਲਸ਼ਕਰ-ਏ-ਤੋਇਬਾ ਦੇ ਪੰਜ ਅਤਿਵਾਦੀ ਮਾਰੇ ਗਏ। ਇਕ ਪੁਲਿਸ ਬੁਲਾਰੇ ਨੇ ਦਸਿਆ ਕਿ ਸੁਰਖਿਆ ਬਲਾਂ ਨੂੰ ਜ਼ਿਲ੍ਹੇ ਦੇ ਯਾਵਰਾਂ ਜੰਗਲੀ ਇਲਾਕੇ ਵਿਚ ਅਤਿਵਾਦੀਆਂ ਦੇ ਹੋਣ ਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਉਥੇ ਅਤਿਵਾਦ ਵਿਰੋਧੀ ਮੁਹਿੰਮ ਚਲਾਈ ਗਈ ਅਤੇ ਮੁਕਾਬਲੇ ਦੌਰਾਨ ਤਿੰਨ ਅਤਿਵਾਦੀ ਮਾਰੇ ਗਏ।
ਬੁਲਾਰੇ ਨੇ ਕਿਹਾ, ''ਮਾਰੇ ਗਏ ਅਤਿਵਾਦੀਆਂ ਦੀ ਪਹਿਚਾਣ ਸਜਾਦ ਖਾਂਡੇ, ਅਕੀਬ ਅਹਿਮਦ ਡਾਰ ਅਤੇ ਬਸ਼ਰਤ ਅਹਿਮਦ ਮੀਰ ਦੇ ਰੂਪ ਵਿਚ ਹੋਈ ਹੈ। ਇਹ ਸਾਰੇ ਪੁਲਵਾਮਾ ਦੇ ਰਹਿਣ ਵਾਲੇ ਸਨ।'' ਉਨ੍ਹਾਂ ਕਿਹਾ ਕਿ ਪੁਲਿਸ ਰਿਕਾਰਡ ਅਨੁਸਾਰ ਇਹ ਪਾਬੰਦੀਸ਼ੁਦਾ ਅਤਿਵਾਦੀ ਜਥੇਬੰਦੀਆਂ ਹਿਜ਼ਬੁਲ ਮੁਜਾਹਿਦੀਨ ਅਤੇ ਲਸ਼ਕਰ -ਏ-ਤੋਇਬਾ ਦਾ ਸਮੂਹ ਸੀ।
ਉਨ੍ਹਾਂ ਕਿਹਾ, ''ਉਹ ਸੁਰਖਿਆ ਥਾਵਾਂ 'ਤੇ ਹਮਲਿਆਂ ਸਣੇ ਕਈ ਅਤਿਵਾਦੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਦੇ ਮਾਮਲਿਆਂ ਵਿਚ ਲੋੜੀਂਦੇ ਸਨ।'' ਜ਼ਿਕਰਯੋਗ ਹੈ ਕਿ ਅਹਿਮਦ ਦਾ ਅਤਿਵਾਦੀ ਗਤੀਵਿਧੀਆਂ ਨਾਲ ਪੁਰਾਣਾ ਇਤਿਹਾਸ ਰਿਹ ਹੈ ਅਤ ਉਸ ਵਿਰੁਧ ਕਈ ਮਾਮਲੇ ਦਰਜ ਹਨ। ਉਹ ਇਲਾਕੇ ਵਿਚ ਅਤਿਵਾਦੀ ਹਮਲਿਆਂ ਦੀ ਸਾਜ਼ਸ਼ ਰਚਣ ਅਤੇ ਉਨ੍ਹਾਂ ਨੂੰ ਅੰਜਾਮ ਦੇਣ ਵਿਚ ਵੀ ਸ਼ਾਮਲ ਸੀ।
ਬੁਲਾਰੇ ਨੇ ਦਸਿਆ, ''ਮੁਕਾਬਲੇ ਵਾਲੀ ਜਗ੍ਹਾ ਤੋਂ ਤਿੰਨ ਏ.ਕੇ. ਰਾਈਫ਼ਲ ਸਮੇਤ ਸ਼ੱਕੀ ਸਮੱਗਰੀ ਬਰਾਮਦ ਹੋਈ ਹੈ। ਅਗਲੇਰੀ ਕਾਰਵਾਈ ਅਤੇ ਹੋਰ ਅਤਿਵਾਦੀ ਮਾਮਲਿਆਂ ਵਿਚ ਉਨ੍ਹਾਂ ਦੀ ਮੌਜੂਦਗੀ ਦੀ ਜਾਂਚ ਲਈ ਸਾਰੀ ਸਮੱਗਰੀ ਨੂੰ ਰਿਕਾਰਡ ਵਿਚ ਰਖਿਆ ਗਿਆ ਹੈ।'' (ਪੀਟੀਆਈ)