
ਆਲੂ ਦੇ ਚਿਪਸ ਅਤੇ ਠੰਢੇ ਪੀਣਯੋਗ ਪਦਾਰਥ ਬਣਾਉਣ ਵਾਲੀ ਬਹੁਕੌਮੀ ਕੰਪਨੀ ਪੈਪਸੀਕੋ ਨੇ ਚਾਰ ਕਿਸਾਨਾਂ ਵਿਰੁਧ ਦਾਇਰ ਕੀਤੇ ਮੁਕੱਦਮੇ
ਅਹਿਮਦਾਬਾਦ: ਆਲੂ ਦੇ ਚਿਪਸ ਅਤੇ ਠੰਢੇ ਪੀਣਯੋਗ ਪਦਾਰਥ ਬਣਾਉਣ ਵਾਲੀ ਬਹੁਕੌਮੀ ਕੰਪਨੀ ਪੈਪਸੀਕੋ ਨੇ ਚਾਰ ਕਿਸਾਨਾਂ ਵਿਰੁਧ ਦਾਇਰ ਕੀਤੇ ਮੁਕੱਦਮੇ 'ਤੇ ਸ਼ੁੱਕਰਵਾਰ ਨੂੰ ਇਕ ਸਮਝੌਤੇ ਦੀ ਪੇਸ਼ਕਸ਼ ਕੀਤੀ ਹੈ। ਅਸਲ 'ਚ ਕੰਪਨੀ ਨੇ ਅਪਣੇ ਵਲੋਂ ਰਜਿਸਟਰਡ ਆਲੂ ਦੀ ਇਕ ਕਿਸਮ ਦੀ ਨਾਜਾਇਜ਼ ਖੇਤੀ ਕਰਨ ਦੇ ਦੋਸ਼ 'ਚ ਇਨ੍ਹਾਂ ਕਿਸਾਨਾਂ 'ਤੇ ਇਕ ਮਾਮਲਾ ਦਰਜ ਕਰਵਾਇਆ ਹੈ। ਪੈਪਸੀਕੋ ਇੰਡੀਆ ਕੰਪਨੀ ਦਾ ਦਾਅਵਾ ਹੈ ਕਿ 2016 'ਚ ਉਸ ਨੇ ਆਲੂ ਦੀ ਇਸ ਕਿਸਮ 'ਤੇ ਦੇਸ਼ 'ਚ ਵਿਸ਼ੇਸ਼ ਅਧਿਕਾਰ ਹਾਸਲ ਕੀਤਾ ਸੀ। ਇਥੋਂ ਦੀ ਇਕ ਕਮਰਸ਼ੀਅਲ ਅਦਾਲਤ 'ਚ ਇਸ ਸਿਲਸਿਲੇ 'ਚ ਸੁਣਵਾਈ ਹੋਈ।
ਉਧਰ ਕਾਂਗਰਸ ਦੇ ਸੀਨੀਅਰ ਆਗੂ ਅਹਿਮਦ ਪਟੇਲ ਨੇ ਕੰਪਨੀ ਦੀ ਕਾਨੂੰਨੀ ਕਾਰਵਾਈ ਨੂੰ 'ਸਰਾਸਰ ਗ਼ਲਤ' ਕਰਾਰ ਦਿੰਦਿਆਂ ਕਿਹਾ ਕਿ ਕਾਰਪੋਰੇਟ ਹਿਤ ਇਹ ਤੈਅ ਨਹੀਂ ਕਰ ਸਕਦੇ ਕਿ ਕਿਸਾਨਾਂ ਨੂੰ ਕਿਨ੍ਹਾਂ ਚੀਜ਼ਾਂ ਦੀ ਖੇਤੀ ਕਰਨੀ ਚਾਹੀਦੀ ਹੈ ਅਤੇ ਕਿਨ੍ਹਾਂ ਦੀ ਨਹੀਂ। ਉਨ੍ਹਾਂ ਕਿਹਾ ਕਿ ਗੁਜਰਾਤ ਸਰਕਾਰ ਨੂੰ ਇਸ ਘਟਨਾਕ੍ਰਮ ਤੋਂ ਅਪਣੀਆਂ ਨਜ਼ਰਾਂ ਨਹੀਂ ਫੇਰਨੀਆਂ ਚਾਹੀਦੀਆਂ। ਕੰਪਨੀ ਨੇ ਚਾਰ ਕਿਸਾਨਾਂ 'ਤੇ ਇਕ-ਇਕ ਕਰੋੜ ਅਤੇ ਪੰਜ ਹੋਰ ਕਿਸਾਨਾਂ 'ਤੋਂ 20-20 ਲੱਖ ਰੁਪਏ ਦਾ ਹਰਜਾਨਾ ਮੰਗਿਆ ਹੈ।
ਕੁੱਝ 190 ਤੋਂ ਜ਼ਿਆਦਾ ਸਮਾਜਕ ਕਾਰਕੁਨਾਂ ਨੇ ਵੀ ਪੈਪਸੀਕੋ ਦੀ ਕਾਰਵਾਈ 'ਤੇ ਇਤਰਾਜ਼ ਪ੍ਰਗਟਾਇਆ ਹੈ ਅਤੇ ਮਾਮਲਾ ਵਾਪਸ ਨਾ ਲੈਣ ਦੀ ਸੂਰਤ 'ਚ ਨਤੀਜੇ ਭੁਗਤਣ ਦੀ ਧਮਕੀ ਦਿਤੀ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕੰਪਨੀ ਨੂੰ ਗੁਜਰਾਤ ਦੇ ਕਿਸਾਨਾਂ ਵਿਰੁਧ ਝੂਠੇ ਮਾਮਲੇ ਵਾਪਸ ਲੈਣ ਲਈ ਕਹੇ। (ਪੀਟੀਆਈ)