
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਪਿਛਲੇ ਚਾਰ ਸਾਲ ਵਿਚ 10 ਕਰੋੜ ਐਲਪੀਜੀ ਕੁਨੈਕਸ਼ਨ ਵੰਡੇ ਗਏ। ਇਨ੍ਹਾਂ ਵਿਚੋਂ ਚਾਰ ਕਰੋੜ ਕੁਨੈਕਸ਼ਨ ਗ਼ਰੀਬ...
ਨਵੀਂ ਦਿੱਲੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਪਿਛਲੇ ਚਾਰ ਸਾਲ ਵਿਚ 10 ਕਰੋੜ ਐਲਪੀਜੀ ਕੁਨੈਕਸ਼ਨ ਵੰਡੇ ਗਏ। ਇਨ੍ਹਾਂ ਵਿਚੋਂ ਚਾਰ ਕਰੋੜ ਕੁਨੈਕਸ਼ਨ ਗ਼ਰੀਬ ਔਰਤਾਂ ਨੂੰ ਮੁਫ਼ਤ ਦਿਤੇ ਗਏ ਜਦਕਿ ਆਜ਼ਾਦੀ ਮਗਰੋਂ ਛੇ ਦਹਾਕਿਆਂ ਵਿਚ ਮਹਿਜ਼ 13 ਕਰੋੜ ਕੁਨੈਕਸ਼ਨ ਵੰਡੇ ਗਏ। ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੀਆਂ ਲਾਭਪਾਤਰੀ ਔਰਤਾਂ ਨਾਲ ਵੀਡੀਉ ਕਾਨਫ਼ਰੰਸ ਵਿਚ ਗੱਲਬਾਤ ਦੌਰਾਨ ਮੋਦੀ ਨੇ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਔਰਤਾਂ ਅਤੇ ਬੱਚਿਆਂ ਨੂੰ ਰਸੋਈ ਦੇ ਧੂੰਏਂ ਤੋਂ ਬਚਾਉਣ ਦੇ ਯਤਨ ਤੇਜ਼ ਕੀਤੇ ਹਨ।
ਇਸ ਦੌਰਾਨ ਅਪਣੇ ਬਚਪਨ ਦੀਆਂ ਯਾਦਾਂ ਨੂੰ ਸਾਂਝਾ ਕਰਦਿਆਂ ਮੋਦੀ ਨੇ ਕਿਹਾ ਕਿ ਉਨ੍ਹਾਂ ਵੀ ਅਪਣੀ ਮਾਂ ਨੂੰ ਰਸੋਈ ਵਿਚ ਚੁੱਲ੍ਹੇ ਵਿਚ ਲਕੜੀ ਅਤੇ ਗੋਹੇ ਦੀਆਂ ਪਾਥੀਆਂ ਤੋਂ ਉਠਣ ਵਾਲੇ ਧੂੰਏਂ ਨਾਲ ਸੰਘਰਸ਼ ਕਰਦੇ ਵੇਖਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਭਵਿੱਖ ਵਿਚ ਉਹ ਸਵੱਛ ਈਂਧਨ ਨੂੰ 100 ਫ਼ੀ ਸਦੀ ਘਰਾਂ ਤਕ ਪਹੁੰਚਾਉਣ ਲਈ ਪ੍ਰਤੀਬੱਧ ਹੈ। ਮੋਦੀ ਨੇ ਕਿਹਾ, 'ਸਾਲ 2014 ਤਕ ਕੇਵਲ 13 ਕਰੋੜ ਐਲਪੀਜੀ ਕੁਨੈਕਸ਼ਨ ਵੰਡੇ ਗਏ ਸਨ।
ਇਹ ਵੀ ਜ਼ਿਆਦਾਤਰ ਅਮੀਰ ਜਾਂ ਸਮਰੱਥ ਲੋਕਾਂ ਨੂੰ ਦਿਤੇ ਗਏ। ਪਿਛਲੇ ਚਾਰ ਸਾਲ ਵਿਚ ਅਸੀਂ 10 ਕਰੋੜ ਨਵੇਂ ਐਲਪੀਜੀ ਕੁਨੈਕਸ਼ਨ ਵੰਡੇ ਹਨ। ਉਹ ਵੀ ਬਹੁਤੇ ਗ਼ਰੀਬ ਲੋਕਾਂ ਨੂੰ। 'ਉਜਵਲਾ ਯੋਜਨਾ' ਨੇ ਗ਼ਰੀਬ, ਹਾਸ਼ੀਏ 'ਤੇ ਰਹਿਣ ਲਈ ਮਜਬੂਰ, ਦਲਿਤ ਅਤੇ ਆਦਿਵਾਸੀਆਂ ਨੂੰ ਮਜ਼ਬੂਤੀ ਪ੍ਰਦਾਨ ਕੀਤੀ ਹੈ। ਸਮਾਜਕ ਸਸ਼ਕਤੀਕਰਨ ਵਿਚ ਇਸ ਪਹਿਲ ਦੀ ਕੇਂਦਰੀ ਭੂਮਿਕਾ ਹੈ।
ਜ਼ਿਕਰਯੋਗ ਹੈ ਕਿ ਮਈ 2016 ਵਿਚ ਸ਼ੁਰੂ ਹੋਈ ਉਜਵਲਾ ਯੋਜਨਾ ਦਾ ਟੀਚਾ ਅਗਲੇ ਤਿੰਨ ਸਾਲਾਂ ਵਿਚ ਪੰਜ ਕਰੋੜ ਲੋਕਾਂ ਨੂੰ ਮੁਫ਼ਤ ਐਲਪੀਜੀ ਕੁਨੈਕਸ਼ਨ ਦੇਣਾ ਹੈ ਖ਼ਾਸਕਰ ਅਜਿਹੀਆਂ ਔਰਤਾਂ ਜਾਂ ਗ਼ਰੀਬਾਂ ਨੂੰ ਜਿਹੜੇ ਚੁੱਲ੍ਹੇ ਆਦਿ 'ਤੇ ਖਾਣਾ ਬਣਾਉਂਦੇ ਹਨ। ਭਾਰਤ ਵਿਚ ਹਾਰ ਸਾਲ 13 ਲੱਖ ਬੇਵਕਤ ਮੌਤਾਂ ਅਜਿਹੇ ਜ਼ਹਿਰੀਲੇ ਧੂੰਏਂ ਕਾਰਨ ਹੁੰਦੀਆਂ ਹਨ। ਸਰਕਾਰ ਕੰਪਨੀਆਂ ਨੂੰ ਪ੍ਰਤੀ ਕੁਨੈਕਸ਼ਨ 1600 ਰੁਪਏ ਦੀ ਸਬਸਿਡੀ ਦਿੰਦੀ ਹੈ। (ਏਜੰਸੀ)