
‘ਸਿੱਖ ਕਦੇ ਕਿਸੇ ਨਾਲ ਵੈਰ ਨਹੀਂ ਰਖਦਾ ਉਹ ਹਮੇਸ਼ਾ ਮੰਗਦਾ ਸਰਬੱਤ ਦਾ ਭਲਾ’
ਨਵੀਂ ਦਿੱਲੀ, 27 ਮਈ (ਸੁਖਰਾਜ ਸਿੰਘ) : ਪੰਚਮ ਪਾਤਸਾਹ, ਸ਼ਹੀਦਾਂ ਦੇ ਸਿਰਤਾਜ ਤੇ ਸ਼ਾਂਤੀ ਦੇ ਪੁੰਜ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਦਾ ਸ਼ਹੀਦੀ ਗੁਰਪੁਰਬ ਦਿੱਲੀ ਦੇ ਇਤਿਹਾਸਕ ਗੁਰਦਵਾਰਿਆ ਤੇ ਕਈ ਸਿੰਘ ਸਭਾਵਾਂ ਵਿਖੇ ਸ਼ਰਧਾ-ਭਾਵਨਾ ਤੇ ਸਤਿਕਾਰ ਨਾਲ ਮਨਾਇਆ ਗਿਆ। ਦਿੱਲੀ ਗੁਰਦਵਾਰਾ ਕਮੇਟੀ ਦੇ ਵੱਖ-ਵੱਖ ਗੁਰਦਵਾਰਾ ਸਾਹਿਬਾਨਾਂ ਵਿਚ ਰੱਖੇ ਗਏ ਸ੍ਰੀ ਆਖੰਡ ਪਾਠ ਸਾਹਿਬ ਦੇ ਅੱਜ ਸਵੇਰੇ ਭੋਗ ਪਾਏ ਗਏ ਤੇ ਉਪਰੰਤ ਰਾਗੀ ਸਿੰਘਾਂ ਨੇ ਗੁਰਬਾਣੀ ਦਾ ਕੀਰਤਨ ਕੀਤਾ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੁਰਾਂ ਦੇ ਆਦੇਸ਼ ਅਨੁਸਾਰ ਸੰਗਤਾਂ ਨੇ ਅਪਣੇ ਘਰਾਂ ਵਿਚ ਬੈਠ ਕੇ ਹੀ ਸੁਖਮਨੀ ਸਾਹਿਬ ਦੇ ਪਾਠ ਤੇ ਜਾਪ ਕੀਤੇ।
ਇਸ ਮੌਕੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਅੱਜ ਸਾਰੀ ਦੁਨੀਆਂ ਨੇ ਸਿੱਖਾਂ ਦੀ ਮਨੁੱਖਤਾ ਲਈ ਸੇਵਾ ਦੀ ਵਡਿਆਈ ਕੀਤੀ ਹੈ ਤੇ ਇਸ ਸੇਵਾ ਲਈ ਸਿੱਖਾਂ ਨੂੰ ਸੇਧ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਆਪਣੇ ਗੁਰੂ ਸਾਹਿਬਾਨ ਦੇ ਉਪਦੇਸ਼ਾਂ ਤੋਂ ਮਿਲੀ ਹੈ। ਗੁਰੂ ਦੇ ਸਿੱਖ ਨੂੰ ਹਮੇਸ਼ਾ ਗੁਰੂ ਸਾਹਿਬ ਪ੍ਰਤੀ ਸੱਚਾ ਵਿਸ਼ਵਾਸ ਰਿਹਾ ਹੈ, ਉਹ ਹਮੇਸ਼ਾ ਲੋੜਵੰਦਾਂ ਦੀ ਸੇਵਾ ਵਾਸਤੇ ਖੜ੍ਹਾ ਹੋਇਆ ਹੈ ਤੇ ਲੋੜ ਪੈਣ ’ਤੇ ਉਹ ਆਪਣੀ ਜਾਨ ਕੁਰਬਾਨ ਕਰਨ ਤੋਂ ਵੀ ਪਿਛੇ ਨਹੀਂ ਹਟਦਾ ਤੇ ਗੁਰੂ ਦੇ ਸਿੱਖ ਦਾ ਕਦੇ ਕਿਸੇ ਨਾਲ ਵੈਰ ਨਹੀਂ ਹੁੰਦਾ ਤੇ ਉਹ ਸਬਰ ਤੇ ਸੰਤੋਖ ਦਾ ਧਾਰਨੀ ਬਣ ਕੇ ਸਰਬਤ ਦਾ ਭਲਾ ਮੰਗਦਾ ਹੈ ਅਤੇ ਇਸ ਸਾਰੀ ਸੇਵਾ ਭਾਵਨਾ ਤੇ ਕੁਰਬਾਨੀ ਦਾ ਜਜ਼ਬਾ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਸਾਨੂੰ ਮਿਲਦਾ ਹੈ ਤੇ ਸਮੂਹ ਸਿੱਖ ਕੌਮ ਨੂੰ ਗੁਰੂ ਸਾਹਿਬਾਨ ਵਲੋਂ ਦਰਸਾਏ ਹੋਏ ਮਾਰਗ ’ਤੇ ਚੱਲਣ ਦਾ ਪ੍ਰਣ ਕਰ ਲੈਣਾ ਚਾਹੀਦਾ ਹੈ।