
ਦੇਸ਼ ਵਿਚ ਸੂਰਜ ਦੀ ਗਰਮੀ ਅਤੇ ਤਾਪਮਾਨ ਨਿਰੰਤਰ ਵੱਧ ਰਿਹਾ ਹੈ। ਲੋਕ 45 ਤੋਂ 50 ਡਿਗਰੀ ਤਾਪਮਾਨ ਵਿਚ ਝੁਲਸ ਰਹੇ ਹਨ।
ਨਵੀਂ ਦਿੱਲੀ, 27 ਮਈ : ਦੇਸ਼ ਵਿਚ ਸੂਰਜ ਦੀ ਗਰਮੀ ਅਤੇ ਤਾਪਮਾਨ ਨਿਰੰਤਰ ਵੱਧ ਰਿਹਾ ਹੈ। ਲੋਕ 45 ਤੋਂ 50 ਡਿਗਰੀ ਤਾਪਮਾਨ ਵਿਚ ਝੁਲਸ ਰਹੇ ਹਨ। ਆਲਮ ਇਹ ਹੈ ਕਿ ਪਿਛਲੇ 24 ਘੰਟਿਆਂ ਵਿਚ ਦੁਨੀਆਂ ਦੀਆਂ 15 ਸੱਭ ਤੋਂ ਗਰਮ ਥਾਵਾਂ ਵਿਚੋਂ 10 ਭਾਰਤ ਅਤੇ ਗੁਆਂਢੀ ਦੇਸ਼ ਪਾਕਿਸਤਾਨ ਵਿਚ ਹਨ ਜਿਥੇ ਲੋਕ ਵੀ ਇਸੇ ਤਰ੍ਹਾਂ ਗਰਮੀ ਨਾਲ ਜੂਝ ਰਹੇ ਹਨ।
ਜੈਪੁਰ ਤੋਂ ਸਿਰਫ਼ 20 ਕਿਲੋਮੀਟਰ ਉੱਤਰ ਵਿਚ ਸਥਿਤ ਰਾਜਸਥਾਨ ਦੇ ਚੁਰੂ ਵਿਚ ਮੰਗਲਵਾਰ ਨੂੰ ਦੇਸ਼ ਵਿਚ ਸੱਭ ਤੋਂ ਵੱਧ ਤਾਪਮਾਨ ਰਿਕਾਰਡ ਕੀਤਾ ਗਿਆ। ਇਥੇ ਪਾਰਾ 50 ਡਿਗਰੀ ਸੈਲਸੀਅਸ ਨੂੰ ਛੂਹ ਗਿਆ। ਚੁਰੂ ਨੂੰ ਥਾਰ ਮਾਰੂਥਲ ਦਾ ਗੇਟਵੇ ਕਿਹਾ ਜਾਂਦਾ ਹੈ। ਪਾਕਿਸਤਾਨ ਦਾ ਜਕੋਬਾਬਾਦ ਧਰਤੀ ਦਾ ਸੱਭ ਤੋਂ ਗਰਮ ਸਥਾਨ ਰਿਹਾ ਜਿਥੇ ਬੁੱਧਵਾਰ ਸ਼ਾਮ ਛੇ ਵਜੇ ਵੀ 49 ਡਿਗਰੀ ਤਾਪਮਾਨ ਸੀ।
File photo
ਇਸ ਸੂਚੀ ਵਿਚ ਰਾਜਸਥਾਨ ਦੇ ਤਿੰਨ ਹੋਰ ਸ਼ਹਿਰ ਬੀਕਾਨੇਰ, ਗੰਗਾਨਗਰ ਅਤੇ ਪਿਲਾਨੀ ਰਹੇ। ਦੋ ਸ਼ਹਿਰ ਉੱਤਰ ਪ੍ਰਦੇਸ਼ ਅਤੇ ਮਹਾਰਾਸ਼ਟਰ ਦੇ ਸਨ। ਯੂਪੀ ਵਿੱਚ ਬਾਂਦਾ ਅਤੇ ਹਰਿਆਣਾ ਵਿਚ ਹਿਸਾਰ ਵਿੱਚ ਵੀ 48 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਦੂਜੇ ਗਰਮ ਸ਼ਹਿਰਾਂ ਦੀ ਗੱਲ ਕਰੀਏ ਤਾਂ ਦਿੱਲੀ ਵਿਚ 47.6 ਡਿਗਰੀ ਸੈਲਸੀਅਸ, ਬੀਕਾਨੇਰ ਵਿਚ 47.4 ਡਿਗਰੀ ਸੈਲਸੀਅਸ, ਗੰਗਾਨਗਰ ਵਿਚ 47 ਡਿਗਰੀ ਸੈਲਸੀਅਸ, ਝਾਂਸੀ ਵਿਚ 47 ਡਿਗਰੀ ਸੈਲਸੀਅਸ, ਪਿਲਾਨੀ ਵਿਚ 46.9 ਡਿਗਰੀ ਸੈਲਸੀਅਸ, ਨਾਗਪੁਰ ਸੋਨੇਗਾਉਂ ਵਿਚ 46.8 ਡਿਗਰੀ ਸੈਲਸੀਅਸ ਅਤੇ ਮਹਾਰਾਸ਼ਟਰ ਦੇ ਅਕੋਲਾ ਵਿਚ 46.5 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।
ਚੁਰੂ ਵਿਚ ਮਈ ਮਹੀਨੇ ਵਿਚ ਪਿਛਲੇ 10 ਸਾਲਾਂ ਦਾ ਇਹ ਦੂਜਾ ਗਰਮ ਦਿਨ ਸੀ। ਇਸ ਤੋਂ ਪਹਿਲਾਂ 19 ਮਈ 2016 ਨੂੰ ਪਾਰਾ 50.2 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ ਸੀ। ਚੁਰੂ ਵਿਚ 22 ਮਈ ਤੋਂ ਬਹੁਤ ਜ਼ਿਆਦਾ ਗਰਮੀ ਹੈ, ਉਸ ਦਿਨ ਦਾ ਤਾਪਮਾਨ 46.6 ਡਿਗਰੀ ਦਰਜ ਕੀਤਾ ਗਿਆ ਸੀ ਅਤੇ ਇਸ ਦਿਨ ਤੋਂ ਤਾਪਮਾਨ ਨਿਰੰਤਰ ਵੱਧ ਰਿਹਾ ਹੈ। ਰਾਜ ਦੇ ਦੋ ਹੋਰ ਸ਼ਹਿਰਾਂ ਕੋਟਾ ਅਤੇ ਜੈਸਲਮੇਰ ਦਾ ਤਾਪਮਾਨ 45 ਡਿਗਰੀ ਤੋਂ ਉਪਰ ਦਰਜ ਕੀਤਾ ਗਿਆ।
(ਏਜੰਸੀ)