
ਹਰਿਆਣਾ, ਪੰਜਾਬ, ਯੂ ਪੀ, ਜੰਮੂ ਕਸ਼ਮੀਰ, ਰਾਜਸਥਾਨ, ਉੱਤਰਾਖੰਡ, ਮੱਧ ਪ੍ਰਦੇਸ਼, ਮਹਾਰਾਸ਼ਟਰ, ਬਿਹਾਰ, ਛੱਤੀਸਗੜ੍ਹ ਦੀਆਂ 38 ਸੰਸਥਾਵਾਂ ਸ਼ਾਮਲ ਕੀਤੀਆਂ ਗਈਆਂ ਹਨ।
ਨਵੀਂ ਦਿੱਲੀ - ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਲ ਕਈ ਕਿਸਾਨ ਸੰਗਠਨਾਂ ਨੇ ਇੱਕ ਵੱਖਰਾ ਭਾਰਤੀ ਕਿਸਾਨ ਮਜ਼ਦੂਰ ਫੈਡਰੇਸ਼ਨ ਬਣਾਇਆ ਹੈ, ਜਿਸ ਨਾਲ 10 ਰਾਜਾਂ ਦੀਆਂ 38 ਸੰਸਥਾਵਾਂ ਜੁੜੀਆਂ ਹੋਈਆਂ ਹਨ। ਭਾਕਿਯੂ ਹਰਿਆਣਾ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਕਈ ਹੋਰ ਸੰਸਥਾਵਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਫੈਡਰੇਸ਼ਨ ਦੇ ਗਠਨ ਦਾ ਐਲਾਨ ਕੀਤਾ।
Farmers Protest
ਹਾਲਾਂਕਿ ਫੈਡਰੇਸ਼ਨ ਵਿਚ ਸ਼ਾਮਲ ਸੰਸਥਾਵਾਂ ਦੇ ਅਧਿਕਾਰੀ ਦਾਅਵਾ ਕਰ ਰਹੇ ਹਨ ਕਿ ਇਹ ਫੈਡਰੇਸ਼ਨ ਸੰਯੁਕਤ ਕਿਸਾਨ ਮੋਰਚੇ ਦੇ ਨਾਲ-ਨਾਲ ਅੰਦੋਲਨ ਵਿਚ ਵੀ ਸ਼ਾਮਲ ਰਹੇਗਾ ਤਾਂ ਦੂਜੇ ਰਾਜਾਂ ਵਿਚ ਹੋਰ ਮੁੱਦਿਆਂ 'ਤੇ ਜਦੋਂ ਵੀ ਲੋੜ ਪਈ ਅੰਦੋਲਨ ਕੀਤੇ ਜਾਣਗੇ। ਬਹਾਲਗੜ ਵਿਚ ਜੀ.ਟੀ. ਰੋਡ ਨੇੜੇ ਇੱਕ ਨਿੱਜੀ ਢਾਬੇ ਵਿੱਚ ਕਿਸਾਨ ਜੱਥੇਬੰਦੀਆਂ ਦੇ ਅਧਿਕਾਰੀਆਂ ਦੀ ਇੱਕ ਮੀਟਿੰਗ ਹੋਈ, ਜਿੱਥੇ ਸੰਯੁਕਤ ਕਿਸਾਨ ਮੋਰਚੇ ਤੋਂ ਅਲੱਗ, ਭਾਰਤੀ ਕਿਸਾਨ ਮਜ਼ਦੂਰ ਫੈਡਰੇਸ਼ਨ ਬਣਾਉਣ ਦਾ ਫੈਸਲਾ ਲਿਆ ਗਿਆ।
Gurnam Singh Chaduni
ਭਾਕਿਯੂ ਹਰਿਆਣਾ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਦੱਸਿਆ ਕਿ ਇਸ ਸੰਗਠਨ ਵਿਚ ਹੁਣ ਤੱਕ ਹਰਿਆਣਾ, ਪੰਜਾਬ, ਯੂ ਪੀ, ਜੰਮੂ ਕਸ਼ਮੀਰ, ਰਾਜਸਥਾਨ, ਉੱਤਰਾਖੰਡ, ਮੱਧ ਪ੍ਰਦੇਸ਼, ਮਹਾਰਾਸ਼ਟਰ, ਬਿਹਾਰ, ਛੱਤੀਸਗੜ੍ਹ ਦੀਆਂ 38 ਸੰਸਥਾਵਾਂ ਸ਼ਾਮਲ ਕੀਤੀਆਂ ਗਈਆਂ ਹਨ। ਇਸ ਵਿਚ ਕਈ ਉਹ ਸੰਗਠਨ ਵੀ ਸ਼ਾਮਲ ਹਨ ਜੋ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਹਨ।
ਚੜੂਨੀ ਨੇ ਕਿਹਾ ਕਿ ਇਹ ਫੈਡਰੇਸ਼ਨ ਕਿਸਾਨੀ ਅੰਦੋਲਨ ਵਿਚ ਸੰਯੁਕਤ ਮੋਰਚੇ ਦੇ ਸਹਿਯੋਗੀ ਦੇ ਤੌਰ 'ਤੇ ਕੰਮ ਕਰੇਗੀ। ਇਸ ਦੀ ਸਟੀਅਰਿੰਗ ਕਮੇਟੀ ਦੇ ਪੰਜ ਮੈਂਬਰ ਬਣਾਏ ਜਾਣਗੇ, ਜੋ ਕਿਸੇ ਵੀ ਫੈਸਲੇ ਲਈ ਬੈਠਕ ਕਰਨਗੇ ਅਤੇ ਇਸ ਤੋਂ ਬਾਅਦ ਇਸ ਨੂੰ ਫੈਡਰੇਸ਼ਨ ਨਾਲ ਜੁੜੀਆਂ ਸਾਰੀਆਂ ਸੰਸਥਾਵਾਂ ਨੂੰ ਦੱਸਿਆ ਜਾਵੇਗਾ। ਚੜੂਨੀ ਨੇ ਕਿਹਾ ਕਿ ਇਹ ਫੈਡਰੇਸ਼ਨ ਸਾਰੇ 38 ਸੰਗਠਨਾਂ ਨਾਲ ਗੱਲਬਾਤ ਕਰਕੇ ਬਣਾਈ ਗਈ ਹੈ।
Surjit Singh Phool
ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਤੋਂ ਇਲਾਵਾ ਕਿਸੇ ਵੀ ਰਾਜ ਵਿਚ ਜੇ ਅੰਦੋਲਨ ਨੂੰ ਕਿਸੇ ਹੋਰ ਮੁੱਦੇ ’ਤੇ ਚਲਾਉਣਾ ਪਿਆ ਤਾਂ ਉਹ ਅੰਦੋਲਨ ਇਸ ਫੈਡਰੇਸ਼ਨ ਦੇ ਬੈਨਰ ਹੇਠ ਚਲਾਇਆ ਜਾਵੇਗਾ। ਭਾਕਿਯੂ ਇਨਕਲਾਬੀ ਪੰਜਾਬ ਦੇ ਪ੍ਰਧਾਨ ਸੁਰਜੀਤ ਸਿੰਘ ਫੂਲ ਵੀ ਇਸ ਮੀਟਿੰਗ ਵਿਚ ਮੌਜੂਦ ਸਨ ਅਤੇ ਉਹਨਾਂ ਕਿਹਾ ਕਿ ਇਹ ਫੈਡਰੇਸ਼ਨ ਸਿਰਫ ਹਰਿਆਣਾ ਅਤੇ ਪੰਜਾਬ ਤੱਕ ਹੀ ਨਹੀਂ, ਬਲਕਿ ਕਿਸਾਨ ਅੰਦੋਲਨ ਦੇ ਨਾਲ ਦੇਸ਼ ਦੇ ਹੋਰ ਮੁੱਦਿਆਂ ‘ਤੇ ਅੰਦੋਲਨ ਜਾਰੀ ਰੱਖੇਗੀ।