
47 ਹੋਰ ਚੀਨੀ ਐਪਸ ਉਤੇ ਪਾਬੰਦੀ ਲਾਈ
ਨਵੀਂ ਦਿੱਲੀ, 27 ਜੁਲਾਈ : ਭਾਰਤ ਸਰਕਾਰ ਨੇ ਇਕ ਵਾਰ ਫਿਰ ਚੀਨੀ ਤਕਨੀਕੀ ਕੰਪਨੀਆਂ ਵਿਰੁਧ ਵੱਡੀ ਕਾਰਵਾਈ ਕੀਤੀ ਹੈ। ਭਾਰਤ ਸਰਕਾਰ ਨੇ 47 ਹੋਰ ਚੀਨੀ ਐਪਸ ’ਤੇ ਪਾਬੰਦੀ ਲਗਾਈ ਹੈ। ਇਸ ਨੂੰ ਮੋਦੀ ਸਰਕਾਰ ਵਲੋਂ ਚੀਨ ਉਤੇ ਦੂਜੀ ਡਿਜ਼ੀਟਲ ਸਟਰਾਈਕ ਕਿਹਾ ਜਾ ਰਿਹਾ ਹੈ। ਦਰਅਸਲ, ਇਹ 47 ਐਪਸ ਪਹਿਲਾਂ 59 ਪਾਬੰਦੀਸ਼ੁਦਾ ਐਪਸ ਦੀ ਕਲੋਨਿੰਗ ਕਰ ਰਹੇ ਸਨ। ਉਦਾਹਰਣ ਲਈ ਟਿਕਟਾਕ ਉਤੇ ਪਾਬੰਦੀ ਦੇ ਬਾਅਦ ਚੀਨੀ ਐਪ ਟਿਕਟਾਕ ਲਾਈਟ ਦੇ ਰੂਪ ਵਿਚ ਮੌਜੂਦ ਸੀ। ਇਸ ਤੋਂ ਪਹਿਲਾਂ ਸਰਕਾਰ ਨੇ ਚੀਨ ਤੋਂ 59 ਐਪਸ ਉਤੇ ਪਾਬੰਦੀ ਲਗਾਈ ਸੀ, ਜਿਸ ਵਿਚ ਟਿਕਟਾਕ ਵਰਗੇ ਬਹੁਤ ਸਾਰੇ ਮਸ਼ਹੂਰ ਐਪਸ ਸ਼ਾਮਲ ਸਨ। ਇਸ ਤੋਂ ਇਲਾਵਾ ਇਹ ਵੀ ਪਤਾ ਲਗਿਆ ਹੈ ਕਿ ਸਰਕਾਰ ਨੇ 275 ਹੋਰ ਚੀਨੀ ਐਪਸ ਦੀ ਸੂਚੀ ਬਣਾਈ ਹੈ।
File Photo
ਸਰਕਾਰ ਜਾਂਚ ਕਰ ਰਹੀ ਹੈ ਕਿ ਇਹ ਐਪਸ ਕਿਸੇ ਵੀ ਤਰ੍ਹਾਂ ਰਾਸ਼ਟਰੀ ਸੁਰੱਖਿਆ ਅਤੇ ਉਪਭੋਗਤਾ ਦੀ ਨਿੱਜਤਾ ਲਈ ਕੋਈ ਖ਼ਤਰਾ ਨਹੀਂ ਪੈਦਾ ਕਰ ਰਹੀਆਂ ਹਨ। ਸੂਤਰਾਂ ਅਨੁਸਾਰ ਜਿਹੜੀਆਂ ਕੰਪਨੀਆਂ ਦੇ ਸਰਵਰ ਚੀਨ ਵਿਚ ਹਨ, ਪਹਿਲਾਂ ਉਨ੍ਹਾਂ ਉਤੇ ਰੋਕ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਤਿਆਰ ਕੀਤੀ ਜਾ ਰਹੀ ਸੂਚੀ ਵਿਚ ਕੁਝ ਚੋਟੀ ਦੀਆਂ ਗੇਮਿੰਗ ਚੀਨੀ ਐਪਸ ਵੀ ਸ਼ਾਮਲ ਹਨ, ਜਿਨ੍ਹਾਂ ’ਤੇ ਪਾਬੰਦੀ ਲਗਾਈ ਜਾ ਸਕਦੀ ਹੈ। ਇਸ ਵਿਕਾਸ ਨਾਲ ਜੁੜੇ ਇਕ ਵਿਅਕਤੀ ਨੇ ਕਿਹਾ ਕਿ ਸਰਕਾਰ ਇਨ੍ਹਾਂ ਸਾਰੇ 275 ਐਪਸ ਜਾਂ ਇਨ੍ਹਾਂ ਵਿਚੋਂ ਕੱੁਝ ਐਪਸ ’ਤੇ ਪਾਬੰਦੀ ਲਗਾ ਸਕਦੀ ਹੈ। ਅਧਿਕਾਰਤ ਸੂਤਰਾਂ ਅਨੁਸਾਰ ਇਹ ਪਾਇਆ ਗਿਆ ਹੈ ਕਿ ਕੁਝ ਐਪਸ ਰਾਸ਼ਟਰੀ ਸੁਰੱਖਿਆ ਲਈ ਖ਼ਤਰਨਾਕ ਹਨ। ਨਾਲ ਹੀ ਕੱੁਝ ਐਪਸ ਡਾਟਾ ਸ਼ੇਅਰਿੰਗ ਅਤੇ ਗੋਪਨੀਯਤਾ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ। (ਏਜੰਸੀ)