
ਕੇਜਰੀਵਾਲ ਨੇ ਰੁਜ਼ਗਾਰ ਪੋਰਟਲ ਜਾਰੀ ਕੀਤਾ
ਨਵੀਂ ਦਿੱਲੀ, 27 ਜੁਲਾਈ (ਅਮਨਦੀਪ) ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਇਕ ਰੁਜ਼ਗਾਰ ਪੋਰਟਲ ਜਾਰੀ ਕੀਤਾ ਅਤੇ ਇਸ ਦੇ ਨਾਲ ਹੀ ਵਪਾਰੀਆਂ, ਉਦਯੋਗਪਤੀਆਂ ਅਤੇ ਲੋਕਾਂ ਨੂੰ ਦਿੱਲੀ ਦੇ ਅਰਥਚਾਰੇ ਨੂੰ ਫਿਰ ਤੋਂ ਲੀਹ ’ਤੇ ਲਿਆਉਣ ਦੀ ਅਪੀਲ ਕੀਤੀ। ਕੇਜਰੀਵਾਲ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਚਲਦੇ ਹਾਲ ਦੇ ਦਿਨਾਂ ਵਿਚ ਕਈ ਲੋਕਾਂ ਨੇ ਅਪਣਾ ਰੁਜ਼ਗਾਰ ਗੁਆ ਦਿਤਾ ਅਤੇ ਕਾਰੋਬਾਰ ’ਤੇ ਵੀ ਮਾੜਾ ਅਸਰ ਪਿਆ। ਇਹ ਪੋਰਟਲ ‘ਜਾਬਸ ਡਾਟ ਦਿੱਲੀ ਡਾਟ ਗੋਵ ਡਾਟ ਇਨ’ ਨਿਯੁਕਤੀਆਂ ਅਤੇ ਰੁਜ਼ਗਾਰ ਚਾਹੁਣ ਵਾਲੇ ਤੇ ਦੇਣ ਵਾਲੇ ਦੋਹਾਂ ਲਈ ਇਕ ‘ਰੁਜ਼ਗਾਰ ਬਾਜ਼ਾਰ’ ਵਾਂਗੂ ਕੰਮ ਕਰੇਗਾ
ਮੁੱਖ ਮੰਤਰੀ ਨੇ ਵਰਚੁਅਲ ਪੱਤਰਕਾਰ ਵਾਰਤਾ ਵਿਚ ਕਿਹਾ, ‘‘ਅਜਿਹੇ ਕਈ ਲੋਕ ਹਨ ਜਿਨ੍ਹਾਂ ਨੂੰ ਰੁਜ਼ਗਾਰ ਦੀ ਤਲਾਸ਼ ਹੈ, ਉਥੇ ਹੀ ਦੂਜੇ ਪਾਸੇ ਕਈ ਵਪਾਰੀ, ਕਾਰੋਬਾਰੀ, ਪੇਸ਼ੇਵਰ, ਠੇਕਦਾਰ ਹਨ ਜਿਨ੍ਹਾਂ ਨੂੰ ਉਨ੍ਹਾਂ ਦੇ ਕੰਮ ਲਈ ਸਹੀ ਵਿਅਕਤੀ ਨਹੀਂ ਮਿਲ ਪਾ ਰਹੇ ਹਨ। ਇਹ ਪੋਰਟਲ ਦੋਹਾਂ ਨੂੰ ਇਕ ਮੰਚ ’ਤੇ ਲਿਆ ਕੇ ਇਹ ਕਮੀ ਦੂਰ ਕਰੇਗਾ।’’ ਕੇਜਰੀਵਾਲ ਨੇ ਕਿਹਾ ਕਿ ਇਕ ਵਿਸ਼ੇਸ਼ ਹੁਕਮ ਜਾਰੀ ਕੀਤਾ ਜਾ ਰਿਹਾ ਹੈ ਜਿਸ ਵਿਚ ਰੇਹੜੀ, ਠੇਲੇ ਵਾਲਿਆਂ ਨੂੰ ਕੰਮ ਸ਼ੁਰੂ ਕਰਨ ਦੀ ਪ੍ਰਵਾਨਗੀ ਦਿਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਵਾਸੀ ਲੋਕ ਜੋ ਤਾਲਾਬੰਦੀ ਕਾਰਨ ਦਿੱਲੀ ਛੱਡ ਕੇ ਚਲੇ ਗਏ ਸਨ ਹੁਣ ਵਾਪਸ ਆਉਣ ਲੱਗੇ ਹਨ।