
ਰਾਜਸਥਾਨ ਵਿਚ ਵਿਧਾਨ ਸਭਾ ਇਜਲਾਸ ਬੁਲਾਏ ਜਾਣ ਦੀ ਮੰਗ ਲਈ ਕਾਂਗਰਸ ਪਾਰਟੀ ਦੁਆਰਾ ਦਿਤੇ ਗਏ ਸੱਦੇ ’ਤੇ ਅੱਜ ਦੇਸ਼ ਦੇ
ਨਵੀਂ ਦਿੱਲੀ, 27 ਜੁਲਾਈ : ਰਾਜਸਥਾਨ ਵਿਚ ਵਿਧਾਨ ਸਭਾ ਇਜਲਾਸ ਬੁਲਾਏ ਜਾਣ ਦੀ ਮੰਗ ਲਈ ਕਾਂਗਰਸ ਪਾਰਟੀ ਦੁਆਰਾ ਦਿਤੇ ਗਏ ਸੱਦੇ ’ਤੇ ਅੱਜ ਦੇਸ਼ ਦੇ ਵੱਖ ਵੱਖ ਰਾਜਾਂ ਵਿਚ ਰਾਜਭਵਨਾਂ ਸਾਹਮਣੇ ਪ੍ਰਦਰਸ਼ਨ ਕੀਤੇ ਗਏ। ਕਈ ਥਾਈਂ ਕਾਂਗਰਸ ਆਗੂਆਂ ਅਤੇ ਵਰਕਰਾਂ ਨੂੰ ਹਿਰਾਸਤ ਵਿਚ ਲਿਆ ਗਿਆ ਅਤੇ ਬਾਅਦ ਵਿਚ ਰਿਹਾਅ ਕਰ ਦਿਤਾ ਗਿਆ। ਰਾਜਸਥਾਨ ਨੂੰ ਛੱਡ ਕੇ ਕਈ ਰਾਜਾਂ ਵਿਚ ਰੋਸ ਮੁਜ਼ਾਹਰੇ ਕੀਤੇ ਗਏ।
ਲਖਨਊ ਵਿਚ ਪ੍ਰਦਰਸ਼ਨ ਕਰ ਰਹੇ ਸੂਬਾ ਕਾਂਗਰਸ ਪ੍ਰਧਾਨ ਅਜੇ ਕੁਮਾਰ ਲੱਲੂ ਸਣੇ ਕਈ ਆਗੂਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਪਾਰਟੀ ਦੇ ਮੀਡੀਆ ਇੰਚਾਰਜ ਲਲਨ ਕੁਮਾਰ ਨੇ ਦਸਿਆ ਕਿ ਰਾਜਸਥਾਨ ਵਿਚ ਭਾਜਪਾ ਦੁਆਰਾ ਜਮਹੂਰੀਅਤ ਦੀ ਹਤਿਆ ਕੀਤੀ ਜਾ ਰਹੀ ਹੈ ਜਿਸ ਵਿਰੁਧ ਰਾਜ ਭਵਨ ਧਰਨਾ ਦੇਣ ਪਹੁੰਚੇ ਸੂਬਾ ਪ੍ਰਧਾਨ ਅਜੇ ਲੱਲੂ ਅਤੇ ਰਾਜ ਸਭਾ ਮੈਂਬਰ ਪੀ ਐਲ ਪੂਨੀਆ ਸਣੇ ਲਗਭਗ 150 ਕਾਂਗਰਸ ਕਾਰਕੁਨਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ।
File Photo
ਪੁਲਿਸ ਸੂਤਰਾਂ ਨੇ ਦਸਿਆ ਕਿ ਜਿਉਂ ਹੀ ਕਾਂਗਰਸ ਆਗੂ ਰਾਜ ਭਵਨ ਦੇ ਮੁੱਖ ਦਰਵਾਜ਼ੇ ਸਾਹਮਣੇ ਪ੍ਰਦਰਸ਼ਨ ਸ਼ੁਰੂ ਕਰਨ ਲੱਗੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਤੁਰਤ ਗ੍ਰਿਫ਼ਤਾਰ ਕਰ ਲਿਆ। ਫੜੇ ਗਏ ਸਾਰੇ ਆਗੂਆਂ ਨੂੰ ਈਕੋ ਗਾਰਡਨ ਲਿਜਾਇਆ ਗਿਆ ਜਿਥੇ ਦੇਸ਼ ਸ਼ਾਮ ਰਿਹਾਅ ਕਰ ਦਿਤਾ ਗਿਆ। ਕਾਂਗਰਸ ਦੇ ਬੁਲਾਰੇ ਮੁਤਾਬਕ ਦਿੱਲੀ, ਪੰਜਾਬ, ਹਰਿਆਣਾ ਸਣੇ ਹੋਰ ਰਾਜਾਂ ਵਿਚ ਵੀ ਕਾਂਗਰਸ ਆਗੂਆਂ ਨੇ ਪ੍ਰਦਰਸ਼ਨ ਕੀਤੇ ਅਤੇ ਰਾਜਸਥਾਨ ਦੇ ਰਾਜਪਾਲ ਦੁਆਰਾ ਕੀਤੇ ਜਾ ਰਹੇ ਕਥਿਤ ਪੱਖਪਾਤ ਵਿਰੁਧ ਨਾਹਰੇਬਾਜ਼ੀ ਕੀਤੀ।
ਬੁਲਾਰੇ ਨੇ ਕਿਹਾ ਕਿ ਭਾਜਪਾ ਨੇ ਸੱਭ ਤੋਂ ਵੱਧ ਸੀਟਾਂ ਹੋਣ ਦੇ ਬਾਵਜੂਦ ਗੋਆ ਵਿਚ ਰਾਜ ਭਵਨ ਦੀ ਦੁਰਵਰਤੋਂ ਕਰ ਕੇ ਕਾਂਗਰਸ ਦੀ ਸਰਕਾਰ ਨਹੀਂ ਬਣਨ ਦਿਤੀ। ਕਰਨਾਟਕ, ਬਿਹਾਰ ਅਤੇ ਮੱਧ ਪ੍ਰਦੇਸ਼ ਦੀਆਂ ਸਰਕਾਰਾਂ ਨੂੰ ਡੇਗ ਕੇ ਸੱਤਾ ’ਤੇ ਕਬਜ਼ਾ ਕਰ ਲਿਆ ਅਤੇ ਪੰਜਾਬ ਤੇ ਮਹਾਰਾਸ਼ਟਰ ਵਿਚ ਵੀ ਸਰਕਾਰ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਰਾਜਸਥਾਨ ਵਿਚ ਜੋ ਵੀ ਕੀਤਾ ਜਾ ਰਿਹਾ ਹੈ, ਉਹ ਸੰਵਿਧਾਨਕ ਕਦਰਾਂ-ਕੀਮਤਾਂ ਦੇ ਉਲਟ ਹੈ ਅਤੇ ਰਾਜਪਾਲ ਦੀ ਭੂਮਿਕਾ ’ਤੇ ਸਵਾਲ ਖੜੇ ਕਰਦਾ ਹੈ। (ਏਜੰਸੀ)