
ਚੀਨ ਦੀ ਅਮਰੀਕਾ ’ਤੇ ਜਵਾਬੀ ਕਾਰਵਾਈ
ਬੀਜਿੰਗ/ਚੇਂਗਦੂ, 27 ਜੁਲਾਈ : ਸਿਚੂਆਨ ਸੂਬੇ ਦੀ ਰਾਜਧਾਨੀ ਚੇਂਗਦੂ, ਅਮਰੀਕਾ ਦੇ ਹਿਊਸਟਨ ਸ਼ਹਿਰ ਨਾਲ ਅੰਤਰਰਾਸ਼ਟਰੀ ਸੁਰਖ਼ੀਆਂ ਵਿਚ ਹੈ ਕਿਉਂਕਿ ਚੀਨ ਅਤੇ ਅਮਰੀਕਾ ਨੇ ਇਕ ਦੂਜੇ ਦੇ ਵਣਜ ਸਫ਼ਾਰਤਖ਼ਾਨਿਆਂ ਨੂੰ ਬੰਦ ਕਰਨ ਦੇ ਹੁਕਮ ਦਿਤੇ ਹਨ। ਚੀਨ ਨੇ ਸੋਮਵਾਰ ਨੂੰ ਕਿਹਾ ਕਿ ਅਮਰੀਕਾ ਦੇ ਚੇਂਗਦੂ ਸਥਿਤ ਮਹਾਂਵਣਜ ਸਫ਼ਾਰਖ਼ਾਨੇ ਦੇ ਖ਼ਾਲੀ ਹੋਣ ਤੋਂ ਬਾਅਦ ਉਸ ਦੀ ਇਮਾਰਤ ਨੂੰ ਅਪਣੇ ਕਬਜ਼ੇ ਵਿਚ ਲੈ ਲਿਆ ਹੈ।
ਚੀਨ ਨੇ ਹਿਊਸਟਨ ਵਿਚ ਚੀਨੀ ਮਹਾਂਵਣਜ ਸਫ਼ਾਰਤਖ਼ਾਨਾ ਬੰਦ ਕਰਨ ਦੇ ਅਮਰੀਕਾ ਦੇ ਹੁਕਮ ਤੋਂ ਬਾਅਦ ਜਵਾਬੀ ਕਾਰਵਾਈ ਕਰਦੇ ਹੋਏ ਉਸ ਨੂੰ (ਅਮਰੀਕਾ ਨੂੰ) ਚੇਂਗਦੂ ਵਿਚ ਅਪਣੇ ਮਹਾਂਵਣਜ ਸਫ਼ਾਰਤਖ਼ਾਨਾ ਬੰਦ ਕਰਨ ਦਾ ਹੁਕਮ ਦਿਤਾ ਸੀ। ਚੀਨ ਦੇ ਵਿਦੇਸ਼ ਮੰਤਰਾਲੇ ਵਲੋਂ ਸੋੋਮਵਾਰ ਨੂੰ ਜਾਰੀ ਇਕ ਪ੍ਰੈਸ ਬਿਆਨ ਅਨੁਸਾਰ,‘‘27 ਜੁਲਾਈ ਸਵੇਰੇ 10 ਵਜੇ ਚੇਂਗਦੂ ਵਿਚ ਅਮਰੀਕੀ ਸਫ਼ਾਰਤਖ਼ਾਨਾ ਬੰਦ ਕਰ ਦਿਤਾ ਗਿਆ ਹੈ।’’
ਉਨ੍ਹਾਂ ਕਿਹਾ,‘‘ਇਸ ਤੋਂ ਬਾਅਦ ਚੀਨ ਦੇ ਅਧਿਕਾਰੀ ਇਮਾਰਤ ਵਿਚ ਦਾਖ਼ਲ ਹੋਏ ਅਤੇ ਇਮਾਰਤ ਨੂੰ ਅਪਣੇ ਕਬਜ਼ੇ ਵਿਚ ਲੈ ਲਿਆ।’’ ਚੇਂਗਦੂ ਚੀਨ ਦੇ ਸਿਚੁਆਨ ਸੂਬੇ ਦੀ ਰਾਜਧਾਨੀ ਹੈ। ਸਰਕਾਰੀ ਪ੍ਰਸਾਰਕ ‘ਸੀ.ਸੀ.ਟੀ.ਵੀ.’ ਨੇ ਅਪਣੇ ਸੋਸ਼ਲ ਮੀਡੀਆ ਖਾਤੇ ’ਤੇ ਦਸਿਆ ਕਿ ਚੇਂਗਦੂ ਵਿਚ ਅਮਰੀਕੀ ਸਫ਼ਾਰਤਖ਼ਾਨਾ ਸੋਮਵਾਰ ਸਵੇਰੇ ਛੇ ਵੱਜ ਕੇ 18 ਮਿੰਟ ’ਤੇ ਅਮਰੀਕੀ ਝੰਡਾ ਉਤਾਰ ਦਿਤਾ ਗਿਆ। ਪੁਲਿਸ ਨੇ ਮਹਾਂਵਣਜ ਸਫ਼ਾਰਖ਼ਾਨੇ ਦੇ ਚਾਰੇ ਪਾਸਿਆਂ ਤੋਂ ਦੋ ਤੋਂ ਤਿੰਨ ਬਲਾਕ ਬੰਦ ਕਰ ਦਿਤੇ ਹਨ, ਜਿਸ ਕਾਰਨ ਹੁਣ ਇਸ ਇਮਾਰਤ ਨੂੰ ਦੇਖਿਆ ਨਹੀਂ ਜਾ ਸਕਦਾ।
File Photo
ਵਾਹਨਾਂ ਨੂੰ ਕਈ ਪੁਲਿਸ ਕਤਾਰਾਂ ਦੇ ਪਿੱਛੇ ਕੁਝ ਦੂਰੀ ’ਤੇ ਚਲਦੇ ਦੇਖਿਆ ਗਿਆ।
ਪੁਲਿਸ ਨੇ ਅਮਰੀਕੀ ਸਫ਼ਾਰਤਖ਼ਾਨੇ ਸਾਹਮਣੇ ਸੜਕ ਅਤੇ ਪੈਦਲ ਰਸਤਾ ਬੰਦ ਕਰ ਦਿਤਾ ਹੈ ਅਤੇ ਉਥੇ ਅੜਿੱਕੇ ਲਗਾਏ ਗਏ ਹਨ। ਐਤਵਾਰ ਨੂੰ ਅਮਰੀਕੀ ਸਫ਼ਾਰਤਖ਼ਾਨੇ ਵਿਚ ਕੁਝ ਟਰੱਕ ਆਏ ਅਤੇ ਕੁਝ ਘੰਟੇ ਬਾਅਦ ਚਲੇ ਗਏ। ਇਸ ਇਲਾਕੇ ਨੂੰ ਬੰਦ ਕੀਤੇ ਜਾਣ ਤੋਂ ਪਹਿਲਾਂ ਇਸ ਨੂੰ ਦੇਖਣ ਲਈ ਲਗਾਤਾਰ ਦੂਜੇ ਦਿਨ ਲੋਕਾਂ ਦੀ ਭੀੜ ਲੱਗੀ ਰਹੀ। ਲੋਕ ਸੈਲਫ਼ੀ ਅਤੇ ਤਸਵੀਰਾਂ ਲੈਣ ਲਈ ਰੁਕ ਗਏ, ਜਿਸ ਨਾਲ ਆਵਾਜ਼ਾਈ ਬੰਦ ਹੋ ਗਈ। (ਪੀਟੀਆਈ)
ਚੀਨੀ ਅਧਿਕਾਰੀਆਂ ਨੇ ਅਮਰੀਕੀ ਝੰਡਾ ਉਤਾਰਿਆ
ਅਮਰੀਕਾ ਨੇ ਨਿਰਾਸ਼ਾ ਪ੍ਰਗਟਾਈ
ਅਮਰੀਕੀ ਵਿਦੇਸ਼ ਮੰਤਰਾਲੇ ਨੇ ਸੋੋਮਵਾਰ ਨੂੰ ਇਕ ਬਿਆਨ ਵਿਚ ਮਹਾਂਵਣਜ ਸਫ਼ਾਰਤਖ਼ਾਨੇ ਦੇ ਬੰਦ ਹੋਣ ’ਤੇ ਨਿਰਾਸ਼ਾ ਜਤਾਈ ਅਤੇ ਕਿਹਾ ਕਿ, ‘‘ਸਫ਼ਾਰਤਖ਼ਾਨਾ ਤਿੱਬਤ ਸਹਿਤ ਪਛਮੀ ਚੀਨ ਦੇ ਲੋਕਾਂ ਨਾਲ ਪਿਛਲੇ 35 ਸਾਲ ਤੋਂ ਸਾਡੇ ਸਬੰਧਾਂ ਦਾ ਕੇਂਦਰ ਰਿਹਾ ਹੈ।’’ ਬਿਆਨ ਵਿਚ ਕਿਹਾ, ‘‘ਅਸੀਂ ਚੀਨ ਦੀ ਕਮਿਊਨਿਸਟ ਪਾਰਟੀ ਦੇ ਫ਼ੈਸਲੇ ਤੋਂ ਨਿਰਾਸ਼ ਹਾਂ ਅਤੇ ਚੀਨ ਵਿਚ ਅਪਣੇ ਹੋਰ ਮਿਸ਼ਨ ਰਾਹੀਂ ਇਸ ਮਹੱਤਵਪੂਰਨ ਖੇਤਰ ਦੇ ਲੋਕਾਂ ਤਕ ਪਹੁੰਚਣ ਦੀ ਕੋਸ਼ਿਸ਼ ਜਾਰੀ ਰੱਖਾਂਗੇ।’’ ਦੱਸਣਯੋਗ ਹੈ ਇਸ ਵਣਜ ਸਫ਼ਾਰਤਖ਼ਾਨੇ ਦੀ ਸ਼ੁਰੂਆਤ 1985 ਵਿਚ ਕੀਤੀ ਗਈ ਸੀ। ਇਸ ਵਿਚ 200 ਕਰਮਚਾਰੀ ਕੰਮ ਕਰ ਰਹੇ ਸਨ ਜਿਨ੍ਹਾਂ ਵਿਚੋਂ 150 ਸਥਾਨਕ ਸਨ।
(ਪੀਟੀਆਈ)