
ਭਾਰਤੀ ਵਿਗਿਆਨ ਸੰਸਥਾਨ ਅਤੇ ਜਾਪਾਨੀ ਵਿਗਿਆਨਕਾਂ ਨੇ ਕੀਤੀ ਸਾਂਝੀ ਖੋਜ
ਬੇਂਗਲੁਰੂ: ਭਾਰਤੀ ਵਿਗਿਆਨ ਸੰਸਥਾਨ (ਆਈ.ਆਈ.ਐਸ.ਸੀ.) ਅਤੇ ਨਿਗਾਤਾ ਯੂਨੀਵਰਸਿਟੀ, ਜਾਪਾਨ ਦੇ ਵਿਗਿਆਨੀਆਂ ਨੇ ਹਿਮਾਲਿਆ ’ਚ ਲਗਭਗ 60 ਕਰੋੜ ਸਾਲ ਪੁਰਾਣੇ ਸਮੁੰਦਰੀ ਪਾਣੀ ਦੀ ਖੋਜ ਕੀਤੀ ਹੈ। ਸਮੁੰਦਰੀ ਪਾਣੀ ਦੀਆਂ ਇਹ ਬੂੰਦਾਂ ਖਣਿਜ ਭੰਡਾਰਾਂ ਵਿਚਕਾਰ ਸਨ। ਬੇਂਗਲੁਰੂ ਸਥਿਤ ਆਈ.ਆਈ.ਐਸ.ਸੀ. ਨੇ ਵੀਰਵਾਰ ਨੂੰ ਇਕ ਬਿਆਨ ’ਚ ਇਹ ਜਾਣਕਾਰੀ ਦਿਤੀ। ਬਿਆਨ ਅਨੁਸਾਰ ਉਥੇ ਜਮ੍ਹਾਂ ਮਲਬੇ ’ਚ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਕਾਰਬੋਨੇਟ ਦੋਵੇਂ ਸਨ।
ਇਸ ’ਚ ਕਿਹਾ ਗਿਆ ਹੈ ਕਿ ਮਲਬੇ ਦੇ ਵਿਸ਼ਲੇਸ਼ਣ ਨਾਲ ਟੀਮ ਨੂੰ ਉਨ੍ਹਾਂ ਸੰਭਾਵਤ ਘਟਨਾਵਾਂ ਦੀ ਜਾਣਕਾਰੀ ਮਿਲੀ ਜਿਨ੍ਹਾਂ ਕਾਰਨ ਪ੍ਰਿਥਵੀ ਦੇ ਇਤਿਹਾਸ ’ਚ ਇਕ ਵੱਡੀ ਆਕਸੀਜਨੀਕਰਨ ਦੀ ਘਟਨਾ ਹੋਈ ਹੋਵੇਗੀ। ਬਿਆਨ ਅਨੁਸਾਰ ਵਿਗਿਆਨਿਕਾਂ ਦਾ ਮੰਨਣਾ ਹੈ ਕਿ 70 ਤੋਂ 50 ਕਰੋੜ ਸਾਲ ਪਹਿਲਾਂ, ਪ੍ਰਿਥਵੀ ਬਰਫ਼ ਦੀਆਂ ਮੋਟੀਆਂ ਚਾਦਰਾਂ ਨਾਲ ਢਕੀ ਸੀ। ਇਸ ’ਚ ਕਿਹਾ ਗਿਆ ਹੈ ਕਿ ਇਸ ਤੋਂ ਬਾਅਦ ਪ੍ਰਿਥਵੀ ਦੇ ਵਾਯੂਮੰਡਲ ’ਚ ਆਕਸੀਜਨ ਦੀ ਮਾਤਰਾ ਵਧੀ, ਜਿਸ ਨਾਲ ਗੁੰਝਲਦਾਰ ਜੀਵਨ ਰੂਪਾਂ ਦਾ ਵਿਕਾਸ ਹੋਇਆ।
ਆਈ.ਆਈ.ਐਸ.ਸੀ. ਨੇ ਕਿਹਾ ਕਿ ਵਿਗਿਆਨਿਕ ਹੁਣ ਤਕ, ਇਹ ਠੀਕ ਤਰ੍ਹਾਂ ਨਹੀਂ ਸਮਝ ਸਕੇ ਹਨ ਕਿ ਚੰਗੀ ਤਰ੍ਹਾਂ ਨਾਲ ਸੁਰਖਿਅਤ ਜੀਵਾਸ਼ਮਾਂ ਦੀ ਕਮੀ ਅਤੇ ਪ੍ਰਿਥਵੀ ਦੇ ਇਤਿਹਾਸ ’ਚ ਮੌਜੂਦ ਸਾਰੇ ਪੁਰਾਣੇ ਸਮੁੰਦਰਾਂ ਦੇ ਲੁਪਤ ਹੋਣ ਦੇ ਕਾਰਨ ਦਾ ਆਪਸ ’ਚ ਕੀ ਸਬੰਧ ਸੀ। ਉਸ ਨੇ ਕਿਹਾ ਕਿ ਹਿਮਾਲਿਆ ’ਚ ਅਜਿਹੀਆਂ ਸਮੁੰਦਰੀ ਚਟਾਨਾਂ ਦਾ ਪਤਾ ਲਾਉਣ ਨਾਲ ਕੁਝ ਜਵਾਬ ਮਿਲ ਸਕਦੇ ਹਨ।
ਸੈਂਟਰ ਫ਼ਾਰ ਅਰਥ ਸਾਇੰਸਿਜ਼ (ਸੀ.ਈ.ਏ.ਐਸ.), ਆਈ.ਆਈ.ਐਸ.ਸੀ. ਦੇ ਖੋਜੀ ਅਤੇ ‘ਪ੍ਰੀਕੈਂਬਰੀਅਨ ਰੀਸਰਚ’ ਰਸਾਲੇ ’ਚ ਪ੍ਰਕਾਸ਼ਿਤ ਅਧਿਐਨ ਦੇ ਪਹਿਲੇ ਲੇਖਕ ਪ੍ਰਕਾਸ਼ ਚੰਦਰ ਆਰੀਆ ਨੇ ਕਿਹਾ, ‘‘ਅਸੀਂ ਪੁਰਾਣੇ ਸਮੁੰਦਰਾਂ ਬਾਰੇ ਜ਼ਿਆਦਾ ਨਹੀਂ ਜਾਣਦੇ। ਇਹ ਮੌਜੂਦਾ ਸਮੁੰਦਰਾਂ ਮੁਕਾਬਲੇ ਕਿੰਨੇ ਵੱਖ ਜਾਂ ਉਸੇ ਤਰ੍ਹਾਂ ਦੇ ਸਨ? ਕੀ ਉਹ ਵੱਧ ਤੇਜ਼ਾਬੀ ਜਾਂ ਖਾਰੇ, ਪੋਸ਼ਕ ਤੱਤਾਂ ਨਾਲ ਭਰਪੂਰ, ਗਰਮ ਜਾਂ ਠੰਢੇ ਸਨ, ਉਨ੍ਹਾਂ ਦੀ ਰਸਾਇਣਿਕ ਅਤੇ ਸਮਸਥਾਨਿਕ ਸੰਰਚਨਾ ਕੀ ਸੀ?’’
ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਵਿਸ਼ਲੇਸ਼ਣ ਨਾਲ ਪ੍ਰਿਥਵੀ ’ਤੇ ਪ੍ਰਾਚੀਨ ਜਲਵਾਯੂ ਬਾਰੇ ਜਾਣਕਾਰੀ ਮਿਲ ਸਕਦੀ ਹੈ।