
ਪੁਲਿਸ ਨੇ ਡਾਇਰੈਕਟਰ ਤੇ ਸੁਰੱਖਿਆ ਅਫ਼ਸਰ ਨੂੰ ਕੀਤਾ ਗ੍ਰਿਫ਼ਤਾਰ
ਇਸਲਾਮਾਬਾਦ - ਪਾਕਿਸਤਾਨ ਵਿਚ ਕਾਲਜ ਦੀਆਂ 5500 ਵਿਦਿਆਰਥਣਾਂ ਦੀਆਂ ਅਸ਼ਲੀਲ ਵੀਡੀਓਜ਼ ਮਿਲਣ ਦੀ ਘਟਨਾ ਨੇ ਹਲਚਲ ਮਚਾ ਦਿੱਤੀ ਹੈ। ਇਸ ਨੂੰ ਦੁਨੀਆ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਸੈਕਸ ਸਕੈਂਡਲ ਦੱਸਿਆ ਜਾ ਰਿਹਾ ਹੈ। ਇਸ ਵਿਚ ਹਜ਼ਾਰਾਂ ਲੜਕੀਆਂ ਨੂੰ ਨਸ਼ਿਆਂ ਦਾ ਆਦੀ ਬਣਾ ਕੇ ਫਸਾਇਆ ਗਿਆ ਹੈ। ਇਸ ਮਾਮਲੇ 'ਤੇ ਪੁਲਿਸ ਦਾ ਇਕ ਹੈਰਾਨੀਜਨਕ ਬਿਆਨ ਵੀ ਸਾਹਮਣੇ ਆਇਆ ਹੈ, ਜਿਸ 'ਚ ਉਹ ਕਹਿ ਰਹੀ ਹੈ ਕਿ ਲੜਕੀਆਂ ਨੂੰ ਬਚਾਉਣਾ ਸਾਡਾ ਕੰਮ ਨਹੀਂ ਹੈ
ਇਸ ਦੇ ਨਾਲ ਹੀ ਪਾਕਿਸਤਾਨ ਦੇ ਉੱਚ ਸਿੱਖਿਆ ਕਮਿਸ਼ਨ (ਐਚ.ਈ.ਸੀ.) ਨੇ ਇਸਲਾਮੀਆ ਯੂਨੀਵਰਸਿਟੀ ਬਹਾਵਲਪੁਰ (ਆਈ.ਯੂ.ਬੀ.) ਮਾਮਲੇ ਦੀ ਜਾਂਚ ਲਈ ਇੱਕ ਉੱਚ-ਸ਼ਕਤੀਸ਼ਾਲੀ ਕਮੇਟੀ ਬਣਾਉਣ ਦਾ ਫ਼ੈਸਲਾ ਕੀਤਾ ਹੈ, ਜਿਸ ਵਿਚ ਤਿੰਨ ਉਪ-ਕੁਲਪਤੀ ਅਤੇ ਸੁਰੱਖਿਆ ਏਜੰਸੀਆਂ ਦੇ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ।
ਦਰਅਸਲ, ਇਸ ਸਕੈਂਡਲ ਨਾਲ ਜੁੜੇ ਵੱਖ-ਵੱਖ ਵੀਡੀਓ ਸਾਹਮਣੇ ਆਏ ਹਨ। ਇਨ੍ਹਾਂ 'ਚੋਂ ਇਕ ਵੀਡੀਓ 'ਚ ਇਕ ਲੜਕੀ ਕਾਰ ਦੀ ਡਿੱਗੀ 'ਚੋਂ ਨਿਕਲ ਕੇ ਇਕ ਘਰ ਵੱਲ ਜਾਂਦੀ ਦਿਖਾਈ ਦੇ ਰਹੀ ਹੈ। ਇੱਕ ਵਿਅਕਤੀ ਇਸ ਲੜਕੀ ਨੂੰ ਲੈ ਕੇ ਆਉਂਦਾ ਹੈ ਅਤੇ ਘਟਨਾ ਦੀ ਵੀਡੀਓ ਬਣਾ ਲਈ ਜਾਂਦੀ ਹੈ। ਇਹ ਪੀੜਤ ਲੜਕੀ ਉਨ੍ਹਾਂ ਹਜ਼ਾਰਾਂ ਲੜਕੀਆਂ ਵਿਚੋਂ ਇੱਕ ਹੈ, ਜਿਨ੍ਹਾਂ ਨੂੰ ਪਹਿਲਾਂ ਨਸ਼ੇ ਦਾ ਆਦੀ ਬਣਾਇਆ ਗਿਆ, ਫਿਰ ਅਸ਼ਲੀਲ ਵੀਡੀਓ ਬਣਾ ਕੇ ਉਨ੍ਹਾਂ ਨੂੰ ਬਲੈਕਮੇਲ ਕੀਤਾ ਗਿਆ ਅਤੇ ਉਨ੍ਹਾਂ ਤੋਂ ਉਹਨਾਂ ਦੀ ਮਰਜ਼ੀ ਤੋਂ ਬਿਨ੍ਹਾਂ ਸਭ ਕੁੱਝ ਕਰਵਾਇਆ ਗਿਆ।
ਇਹ ਮਾਮਲਾ ਪਾਕਿਸਤਾਨ ਦੀ ਇਸਲਾਮੀਆ ਯੂਨੀਵਰਸਿਟੀ ਬਹਾਵਲਪੁਰ ਨਾਲ ਸਬੰਧਤ ਹੈ, ਜੋ ਪੁਲਿਸ ਮੁਤਾਬਕ ਨਸ਼ਿਆਂ ਅਤੇ ਜਿਨਸੀ ਸ਼ੋਸ਼ਣ ਦਾ ਅੱਡਾ ਬਣ ਚੁੱਕੀ ਹੈ। ਜਾਂਚ ਦੌਰਾਨ ਮੁਲਜ਼ਮ ਦੇ ਮੋਬਾਈਲ ’ਚੋਂ ਕਈ ਸਬੂਤ ਮਿਲੇ ਹਨ, ਜਿਨ੍ਹਾਂ ਵਿਚ ਅਸ਼ਲੀਲ ਵੀਡੀਓਜ਼ ਸਮੇਤ ਕਈ ਵਟਸਐਪ ਚੈਟ ਵੀ ਹਨ, ਜੋ ਸਾਬਤ ਕਰਦੇ ਹਨ ਕਿ ਇਹ ਗੰਦੀ ਖੇਡ ਕਈ ਸਾਲਾਂ ਤੋਂ ਚੱਲ ਰਹੀ ਸੀ। ਏਜਾਜ਼ ਹੁਸੈਨ ਨਾਂ ਦਾ ਵਿਅਕਤੀ ਇਸ ਪੂਰੇ ਸਕੈਂਡਲ ਦਾ ਮੁੱਖ ਦੋਸ਼ੀ ਹੈ, ਜਿਸ ਦਾ ਗਰੋਹ ਹਜ਼ਾਰਾਂ ਲੜਕੀਆਂ ਦੀ ਅਸ਼ਲੀਲ ਵੀਡੀਓ ਬਣਾ ਕੇ ਉਨ੍ਹਾਂ ਦਾ ਸ਼ੋਸ਼ਣ ਕਰ ਰਿਹਾ ਸੀ।
ਪੁਲਿਸ ਨੂੰ ਇੰਨੇ ਵੱਡੇ ਸੈਕਸ ਸਕੈਂਡਲ ਦਾ ਪਤਾ ਅਬੂ ਬਕਰ, ਜੋ ਕਿ ਇਸਲਾਮੀਆ ਯੂਨੀਵਰਸਿਟੀ ਬਹਾਵਲਪੁਰ ਦਾ ਡਾਇਰੈਕਟਰ ਫਾਈਨਾਂਸ ਹੈ, ਉਹਨਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਆਇਆ ਅਤੇ 28 ਜੂਨ ਨੂੰ ਇੱਕ ਲੜਕੀ ਨਾਲ ਸ਼ੱਕੀ ਹਾਲਤ ਵਿਚ ਫੜਿਆ ਗਿਆ ਸੀ। ਜਾਂਚ ਦੌਰਾਨ ਉਸ ਕੋਲੋਂ 10 ਗ੍ਰਾਮ ਚਰਸ ਬਰਾਮਦ ਹੋਈ। ਉਸ ਦੇ ਮੋਬਾਈਲ 'ਚੋਂ ਹਜ਼ਾਰਾਂ ਅਸ਼ਲੀਲ ਵੀਡੀਓਜ਼ ਪਾਈਆਂ ਗਈਆਂ, ਜਿਨ੍ਹਾਂ ਰਾਹੀਂ ਉਹ ਕਾਲਜ ਦੀਆਂ ਕੁੜੀਆਂ ਦਾ ਸ਼ੋਸ਼ਣ ਕਰ ਰਿਹਾ ਸੀ। ਇਸ ਤੋਂ ਬਾਅਦ ਸੇਵਾਮੁਕਤ ਮੇਜਰ ਏਜਾਜ਼ ਹੁਸੈਨ ਨੂੰ ਫੜ ਲਿਆ ਗਿਆ, ਜੋ ਕਾਲਜ ਦਾ ਸੁਰੱਖਿਆ ਅਧਿਕਾਰੀ ਹੈ।
ਇਸ ਮਾਮਲੇ 'ਚ ਹੁਣ ਤੱਕ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਧੰਦਾ ਕਈ ਸਾਲਾਂ ਤੋਂ ਚੱਲ ਰਿਹਾ ਹੈ। ਏਜਾਜ਼ ਹੁਸੈਨ ਦੇ ਇਸ਼ਾਰੇ 'ਤੇ ਉਨ੍ਹਾਂ ਕੁੜੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਜੋ ਘਰੋਂ ਬਾਹਰ ਕੱਢ ਦਿੱਤੀਆਂ ਗਈਆਂ ਸਨ ਅਤੇ ਗਰੀਬ ਸਨ। ਅਜਿਹੀਆਂ ਕੁੜੀਆਂ ਨੂੰ ਵਜ਼ੀਫੇ ਦਾ ਲਾਲਚ ਦੇ ਕੇ ਫੀਸਾਂ ਮੁਆਫ਼ ਕਰਨ ਦੇ ਬਹਾਨੇ ਫਸਾਇਆ ਜਾਂਦਾ ਸੀ। ਪੁਲਿਸ ਨੂੰ ਹੁਣ ਤੱਕ ਵਿਦਿਆਰਥਣਾਂ ਦੀਆਂ 5500 ਵੀਡੀਓਜ਼ ਮਿਲ ਚੁੱਕੀਆਂ ਹਨ। ਪੁਲਿਸ ਵਾਲੇ ਕਹਿ ਰਹੇ ਹਨ ਕਿ ਕੁੜੀਆਂ ਨੂੰ ਬਚਾਉਣਾ ਸਾਡਾ ਕੰਮ ਨਹੀਂ ਹੈ।
ਦੱਸ ਦਈਏ ਕਿ ਪਾਕਿਸਤਾਨ ਵਿਚ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਪਰ ਹਰ ਵਾਰ ਯੂਨੀਵਰਸਿਟੀ ਦੀ ਇੱਜ਼ਤ ਦਾ ਹਵਾਲਾ ਦੇ ਕੇ ਮੁਲਜ਼ਮਾਂ ਦੀਆਂ ਕਰਤੂਤਾਂ ’ਤੇ ਪਰਦਾ ਪਾਇਆ ਜਾਂਦਾ ਹੈ। ਪਾਕਿਸਤਾਨ ਦੀ ਬਹਾਵਲਪੁਰ ਯੂਨੀਵਰਸਿਟੀ ਵਿਚ 113 ਵਿਦਿਆਰਥੀਆਂ ਦੇ ਨਸ਼ੀਲੇ ਪਦਾਰਥਾਂ ਦਾ ਰਿਕਾਰਡ ਸਾਹਮਣੇ ਆਇਆ ਹੈ ਪਰ ਇਸ ਤੋਂ ਬਾਅਦ ਵੀ ਕੋਈ ਠੋਸ ਕਾਰਵਾਈ ਨਹੀਂ ਹੋਈ। ਇਸ ਦਾ ਨਤੀਜਾ ਸਭ ਦੇ ਸਾਹਮਣੇ ਹੈ। ਇੱਥੇ ਲੜਕੀਆਂ ਨੂੰ ਨਸ਼ੇ ਦੇ ਕੇ ਅਤੇ ਉਨ੍ਹਾਂ ਦੀਆਂ ਅਸ਼ਲੀਲ ਵੀਡੀਓ ਬਣਾ ਕੇ ਉਨ੍ਹਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ।
ਨਿਊਜ਼ ਏਜੰਸੀ ਮੁਤਾਬਕ ਐਚਈਸੀ ਦੇ ਚੇਅਰਮੈਨ ਮੁਖਤਾਰ ਅਹਿਮਦ ਨੇ ਨੈਸ਼ਨਲ ਅਸੈਂਬਲੀ ਦੀ ਸਥਾਈ ਕਮੇਟੀ ਨੂੰ ਦੱਸਿਆ ਕਿ ਯੂਨੀਵਰਸਿਟੀ ਵਿਚ ਹੋਏ ਘੁਟਾਲੇ ਕਾਰਨ ਸਿੱਖਿਆ ਖੇਤਰ ਨੂੰ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਅਸੀਂ ਇਸ ਉੱਚ ਤਾਕਤੀ ਕਮੇਟੀ ਨੂੰ ਸੂਚਿਤ ਕਰਾਂਗੇ, ਜੋ ਜਾਂਚ ਪੂਰੀ ਕਰਨ ਲਈ ਕੁਝ ਦਿਨ ਯੂਨੀਵਰਸਿਟੀ ਵਿਚ ਰਹੇਗੀ। ਦੇਸ਼ ਵਿਚ 253 ਯੂਨੀਵਰਸਿਟੀਆਂ (ਜਨਤਕ ਅਤੇ ਪ੍ਰਾਈਵੇਟ ਦੋਵੇਂ) ਹਨ ਅਤੇ ਵਿਦਿਆਰਥੀ ਇਸ ਮੁੱਦੇ ਕਾਰਨ ਪ੍ਰੇਸ਼ਾਨ ਹਨ।