
ਪਿਛਲੇ ਮਹੀਨੇ ਸੂਬਾ ਪੁਲਿਸ ਤੋਂ ਐਫ਼.ਆਈ.ਆਰ. ਨੂੰ ਅਪਣੇ ਅਖਤਿਆਰ ’ਚ ਲੈ ਲਿਆ ਸੀ ਸੀ.ਬੀ.ਆਈ. ਨੇ
ਨਵੀਂ ਦਿੱਲੀ: ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਮਨੀਪੁਰ ’ਚ ਹਿੰਸਾ ਨਾਲ ਜੁੜੇ ਛੇ ਮਾਮਲਿਆਂ ਦੀ ਜਾਂਚ ਕਰ ਰਿਹਾ ਹੈ ਅਤੇ ਉਸ ਨੇ ਇਸ ਬਾਬਤ ਹੁਣ ਤਕ ਕੋਈ ਗ੍ਰਿਫ਼ਤਾਰ ਨਹੀਂ ਕੀਤੀ ਹੈ। ਅਧਿਕਾਰੀਆਂ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਕਿ ਨਿਰਧਾਰਤ ਪ੍ਰਕਿਰਿਆ ਤਹਿਤ ਸੰਘੀ ਜਾਂਚ ਏਜੰਸੀ ਨੇ ਪਿਛਲੇ ਮਹੀਨੇ ਸੂਬਾ ਪੁਲਿਸ ਤੋਂ ਐਫ਼.ਆਈ.ਆਰ. ਨੂੰ ਅਪਣੇ ਅਖਤਿਆਰ ’ਚ ਲੈ ਲਿਆ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਅਧਿਕਾਰੀਆਂ ਨੇ ਕਿਹਾ ਕਿ ਸੀ.ਬੀ.ਆਈ. ਨਾਜ਼ੁਕ ਹਾਲਾਤ ’ਚ ਇਨ੍ਹਾਂ ਮਾਮਲਿਆਂ ਦੀ ਜਾਂਚ ਕਰ ਰਹੀ ਹੈ ਅਤੇ ਇਸ ਸਥਿਤੀ ਨੂੰ ਵੇਖਦਿਆਂ ਉਸ ਨੇ ਐਫ਼.ਆਈ.ਆਰ. ਮੁੜ ਦਰਜ ਕੀਤੇ ਜਾਣ ਤੋਂ ਇਕ ਮਹੀਨੇ ਬਾਅਦ ਵੀ ਉਨ੍ਹਾਂ ਨੂੰ ਜਨਤਕ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਏਜੰਸੀ ਨੇ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਸੌਂਪੇ ਛੇ ਮਾਮਲਿਆਂ ਦੀ ਜਾਂਚ ਲਈ ਜੂਨ ’ਚ ਡੀ.ਆਈ.ਜੀ.- ਰੈਂਕ ਦੇ ਇਕ ਅਧਿਕਾਰੀ ਤਹਿਤ ਇਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਸੀ।
ਉਨ੍ਹਾਂ ਕਿਹਾ ਕਿ ਏਜੰਸੀ ਦੀ ਟੀਮ ਮੁਸ਼ਕਲ ਹਾਲਾਤ ’ਚ ਮਾਮਲਿਆਂ ਦੀ ਜਾਂਚ ਕਰ ਰਹੀ ਹੈ ਅਤੇ ਉਨ੍ਹਾਂ ਨੇ ਅਕਸਰ ਭੀੜ, ਨਾਕਾਬੰਦੀ ਅਤੇ ਵਿਰੋਧ ਪ੍ਰਦਰਸ਼ਨਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਜਾਤ ਦੇ ਆਧਾਰ ’ਤੇ ਵੰਡੇ ਸੂਬੇ ’ਚ ਗਵਾਹਾਂ ਨੂੰ ਲਭਣਾ ਮੁਸ਼ਕਲ ਹੈ। ਇਕ ਅਧਿਕਾਰੀ ਨੇ ਕਿਹਾ, ‘‘ਹੁਣ ਤਕ, ਸੀ.ਬੀ.ਆਈ. ਨੇ ਮਨੀਪੁਰ ਹਿੰਸਾ ਨਾਲ ਸਬੰਧਤ ਛੇ ਐਫ਼.ਆਈ.ਆਰ. ਬਾਬਤ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਹੈ। ਇਨ੍ਹਾਂ ਮਾਮਲਿਆਂ ’ਚ ਜਾਂਚ ਜਾਰੀ ਹੈ।’’ ਮਨੀਪੁਰ ’ਚ ਲਗਭਗ ਤਿੰਨ ਮਹੀਨਿਆਂ ਤੋਂ ਜਾਰੀ ਹਿੰਸਾ ਕਾਰਨ 150 ਤੋਂ ਵੀ ਵੱਧ ਲੋਕਾਂ ਦੀ ਮੌਤ ਹੋ ਚੁਕੀ ਹੈ।
ਮਨੀਪੁਰ : ਅਤਿਵਾਦੀਆਂ ਨਾਲ ਗੋਲੀਬਾਰੀ ’ਚ ਦੋ ਸੁਰਖਿਆ ਮੁਲਾਜ਼ਮ ਜ਼ਖ਼ਮੀ
ਇੰਫ਼ਾਲ: ਮਨੀਪੁਰ ਦੇ ਵਿਸ਼ਣੂਪੁਰ ਜ਼ਿਲ੍ਹ ’ਚ ਅਤਿਵਾਦੀਆਂ ਨਾਲ ਗੋਲੀਬਾਰੀ ’ਚ ਫ਼ੌਜ ਦੇ ਇਕ ਜਵਾਨ ਸਮੇਤ ਦੋ ਸੁਰਖਿਆ ਮੁਲਾਜ਼ਮ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ। ਸੂਬੇ ਦੀ ਰਾਜਧਾਨੀ ਇੰਫ਼ਾਲ ਤੋਂ ਲਗਪਗ 50 ਕਿਲੋਮੀਟਰ ਦੂਰ ਫ਼ੌਬਾਕਚਾਉ ਇਖਾਈ ਇਲਾਕੇ ’ਚ ਵੀਰਵਾਰ ਨੂੰ ਸਵੇਰੇ ਗੋਲਬਾਰੀ ਸ਼ੁਰੂ ਹੋਈ ਅਤੇ ਬਾਗ਼ੀਆਂ ਦੇ ਭੱਜਣ ਤਕ ਦੇਰ ਰਾਤ ਲਗਭਗ 15 ਘੰਟੇ ਗੋਲੀਬਾਰੀ ਦਾ ਦੌਰ ਜਾਰੀ ਰਿਹਾ।
ਗੋਲੀਬਾਰੀ ਦੌਰਾਨ ਤੇਰਾ ਖੋਂਗਸਾਂਗਬੀ ਕੋਲ ਇਕ ਮਕਾਨ ’ਚ ਅੱਗ ਲਾ ਦਿਤੀ ਗਈ। ਪੁਲਿਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਦੋਹਾਂ ਧਿਰਾਂ ’ਚ ਹੋ ਰਹੀ ਗੋਲੀਬਾਰੀ ਵਿਚਕਾਰ ਭੀੜ ਤਿਤਰ-ਬਿਤਰ ਕਰਨ ਲਈ ਪੁਲਿਸ ਮੁਲਾਜ਼ਮਾਂ ਨੂੰ ਦਖ਼ਲ ਦੇਣਾ ਪਿਆ। ਮਨੀਪੁਰ ਪੁਲਿਸ ਦੇ ਜ਼ਖ਼ਮੀ ਕਮਾਂਡੋ ਦੀ ਪਛਾਣ 40 ਸਾਲਾਂ ਦੇ ਨਾਮੀਰਾਕਪਮ ਇਬੋਚਾ ਦੇ ਰੂਪ ’ਚ ਹੋਈ ਹੈ। ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਮੋਰਟਾਰ ਫਟਣ ਕਾਰਨ ਇਬੋਚਾ ਦੇ ਖੱਬੇ ਪੈਰ ਅਤੇ ਸੱਜ ਕੰਨ ’ਤੇ ਛੱਰੇ ਲੱਗੇ ਹਨ। ਉਨ੍ਹਾਂ ਕਿਹਾ ਕਿ ਫ਼ੌਜ ਦਾ ਜਵਾਨ ਕੁਮਾਊਂ ਰੈਜੀਮੈਂਟ ਦਾ ਹੈ, ਪਰ ਅਜੇ ਤਕ ਉਸ ਦੀ ਪਛਾਣ ਨਹੀਂ ਹੋ ਸਕੀ ਹੈ।
ਉਨ੍ਹਾਂ ਕਿਹਾ, ‘‘ਉਥੇ ਉਡ ਰਹੇ ਡਰੋਨ ’ਚ ਅਤਿਵਾਦੀਆਂ ਦੀ ਅਪਣੇ ਕੁਝ ਸਾਥੀਆਂ ਨੂੰ ਲੈ ਕੇ ਜਾਂਦੇ ਦੀਆਂ ਕੁਝ ਤਸਵੀਰਾਂ ਆਈਆਂ ਹਨ। ਇਹ ਅਜੇ ਸਪੱਸ਼ਟ ਨਹੀਂ ਹੈ ਕਿ ਕਾਰਵਾਈ ’ਚ ਉਹ ਜ਼ਖ਼ਮੀ ਹੋਏ ਜਾਂ ਮਾਰੇ ਗਏ।’’ ਮਨੀਪੁਰ ’ਚ ਅਨੁਸੂਚਿਤ ਜਨਜਾਤੀ ਦਾ ਦਰਜਾ ਦੇਣ ਦੀ ਮੇਈਤੀ ਲੋਕਾਂ ਦੀ ਮੰਗ ਵਿਰੁਧ ਪਹਾਣੀ ਜ਼ਿਲ੍ਹਿਆਂ ’ਚ ਤਿੰਨ ਮਈ ਨੂੰ ਹੋਏ ‘ਆਦਿਵਾਸੀ ਇਕਜੁਟਤਾ ਮਾਰਚ’ ਦੌਰਾਨ ਹਿੰਸਾ ਭੜਕਣ ਤੋਂ ਬਾਅਦ ਤੋਂ ਸੂਬੇ ’ਚ ਹੁਣ ਤਕ 160 ਤੋਂ ਵੱਧ ਲੋਕ ਮਾਰੇ ਜਾ ਚੁਕੇ ਹਨ ਅਤੇ ਕਈ ਹੋਰ ਜ਼ਖ਼ਮੀ ਹੋਏ ਹਨ।
ਸੂਬੇ ਅੰਦਰ ਮੇਈਤੀ ਲੋਕਾਂ ਦੀ ਆਬਾਦੀ ਲਗਭਗ 53 ਫ਼ੀ ਸਦੀ ਅਤੇ ਉਹ ਮੁੱਖ ਰੂਪ ’ਚ ਇ਼ੰਫਾਲ ਵਾਦੀ ’ਚ ਰਹਿੰਦੇ ਹਨ। ਜਦਕਿ ਨਗਾ ਅਤੇ ਕੁਕੀ ਵਰਗੇ ਆਦਿਵਾਸੀਆਂ ਦੀ ਆਬਾਦੀ 40 ਫ਼ੀ ਸਦੀ ਹੈ ਅਤੇ ਉਹ ਜ਼ਿਆਦਾਤਰ ਪਹਾਣੀ ਜ਼ਿਲ੍ਹਿਆਂ ’ਚ ਰਹਿੰਦੇ ਹਨ।
‘ਇੰਡੀਆ' ਦੇ ਆਗੂਆਂ ਦਾ ਦੋ ਦਿਨਾ ਮਨੀਪੁਰ ਦੌਰਾ 29-30 ਨੂੰ
ਨਵੀਂ ਦਿੱਲੀ: ਵਿਰੋਧੀ ਧਿਰ ਦੇ ਗਠਜੋੜ ‘ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ (ਇੰਡੀਆ)’ ਦੇ ਨੇਤਾਵਾਂ ਨੇ ਸ਼ੁਕਰਵਾਰ ਨੂੰ ਕਿਹਾ ਕਿ ਵਿਰੋਧੀ ਸੰਸਦ ਮੈਂਬਰਾਂ ਦਾ ਇਕ ਵਫ਼ਦ ਪਹਿਲਾਂ ਜ਼ਮੀਨੀ ਸਥਿਤੀ ਦਾ ਜਾਇਜ਼ਾ ਲੈਣ ਅਤੇ ਹਿੰਸਾ ਪ੍ਰਭਾਵਤ ਸੂਬੇ ’ਚ ਸਮੱਸਿਆਵਾਂ ਦੇ ਹੱਲ ਨੂੰ ਲੈ ਕੇ ਸਰਕਾਰ ਅਤੇ ਸੰਸਦ ਨੂੰ ਅਪਣੀਆਂ ਸਿਫ਼ਾਰਸ਼ਾਂ ਵੀ ਦੇਵੇਗੀ। ਵਿਰੋਧੀ ਸੰਸਦ ਮੈਂਬਰਾਂ ਦਾ ਇਕ ਵਫ਼ਦ 29-30 ਜੁਲਾਈ ਨੂੰ ਮਨੀਪੁਰ ਦਾ ਦੌਰਾ ਕਰੇਗਾ।
ਇਸ ਵਫ਼ਦ ’ਚ ਕਾਂਗਰਸ ਦੇ ਅਧੀਰ ਰੰਜਨ ਚੌਧਰੀ ਅਤੇ ਗੌਰਵ ਗੋਗੋਈ, ਤ੍ਰਿਣਮੂਲ ਕਾਂਗਰਸ ਦੀ ਸੁਸ਼ਮਿਤਾ ਦੇਵ, ਝਾਰਖੰਡ ਮੁਕਤੀ ਮੋਰਚਾ ਦੀ ਮਹੂਆ ਮਾਝੀ, ਡੀ.ਐਮ.ਕੇ. ਦੀ ਕਨੀਮੋਝੀ, ਰਾਸ਼ਟਰਵਾਦੀ ਕਾਂਗਰਸ ਪਾਰਟੀ ਦੀ ਵੰਦਨਾ ਚਵਾਨ, ਰਾਸ਼ਟਰੀ ਲੋਕ ਦਲ ਦੇ ਜਯੰਤ ਚੌਧਰੀ, ਰਾਸ਼ਟਰੀ ਜਨਤਾ ਦਲ ਦੇ ਮਨੋਜ ਕੁਮਾਰ ਝਾਅ, ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ ਦੇ ਐਨ.ਕੇ. ਪ੍ਰੇਮਚੰਦਰਨ ਅਤੇ ਵੀ.ਸੀ.ਕੇ. ਪਾਰਟੀ ਦੇ ਟੀ. ਤਿਰੁਮਾਵਲਵਨ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।
ਲੋਕ ਸਭਾ ’ਚ ਕਾਂਗਰਸ ਦੇ ਉਪ ਨੇਤਾ ਗੌਰਵ ਗੋਗੋਈ ਨੇ ਮਣੀਪੁਰ ਹਿੰਸਾ ਦੀ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਗੋਗੋਈ ਨੇ ਸੂਬਾ ਸਰਕਾਰ ’ਤੇ ਨਾਕਾਮੀ ਦਾ ਦੋਸ਼ ਲਾਉਂਦਿਆਂ ਪੁਛਿਆ ਕਿ ਇੰਨੇ ਲੋਕਾਂ ਕੋਲ ਹਥਿਆਰ ਕਿਵੇਂ ਆਏ? ਉਨ੍ਹਾਂ ਕਿਹਾ, ‘‘ਮੈਂ ਮਨੀਪੁਰ ਜਾਵਾਂਗਾ ਅਤੇ ਸੱਚਾਈ ਦਾ ਪਤਾ ਲਗਾਵਾਂਗਾ। ਉਹ ਸੱਚਾਈ ਨੂੰ ਸੰਸਦ ਦੇ ਸਾਹਮਣੇ ਰੱਖਾਂਗਾ।’’