
Delhi Coaching Centre: NDRF ਵਲੋਂ ਬਚਾਅ ਜਾਰੀ
Waterlogging in Delhi Coaching Centre News: ਦਿੱਲੀ 'ਚ ਭਾਰੀ ਮੀਂਹ ਕਾਰਨ ਪੁਰਾਣੇ ਰਾਜੇਂਦਰ ਨਗਰ 'ਚ ਰਾਉਸ ਆਈਏਐਸ ਸਟੱਡੀ ਸਰਕਲ ਦੇ ਬੇਸਮੈਂਟ 'ਚ ਪਾਣੀ ਭਰ ਗਿਆ। ਇਸ ਵਿੱਚ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਸ਼ਨੀਵਾਰ ਸ਼ਾਮ ਨੂੰ ਪਾਣੀ ਭਰਨ ਤੋਂ ਬਾਅਦ ਸੂਚਨਾ ਮਿਲੀ ਸੀ ਕਿ ਬੇਸਮੈਂਟ 'ਚ ਬਣੀ ਲਾਇਬ੍ਰੇਰੀ 'ਚ ਕਈ ਵਿਦਿਆਰਥੀ ਫਸੇ ਹੋਏ ਹਨ।
ਇਸ ਤੋਂ ਬਾਅਦ ਫਾਇਰ ਬ੍ਰਿਗੇਡ ਅਤੇ ਐਨਡੀਆਰਐਫ ਨੂੰ ਬੁਲਾਇਆ ਗਿਆ। ਦੇਰ ਰਾਤ ਅਤੇ ਸਵੇਰ ਦੇ ਵਿਚਕਾਰ ਦੋ ਵਿਦਿਆਰਥਣਾਂ ਅਤੇ ਇੱਕ ਲੜਕੇ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਹੁਣ ਤੱਕ 15 ਵਿਦਿਆਰਥੀਆਂ ਨੂੰ ਬਚਾਇਆ ਜਾ ਚੁੱਕਾ ਹੈ। NDRF ਨੇ ਕਿਹਾ ਕਿ ਬਚਾਅ ਕਾਰਜ ਪੂਰਾ ਹੋ ਗਿਆ ਹੈ, ਪਰ ਵਿਦਿਆਰਥੀਆਂ ਦੀ ਖੋਜ ਅਜੇ ਵੀ ਜਾਰੀ ਹੈ।
ਬੇਸਮੈਂਟ 'ਚ ਕਿੰਨੇ ਲੋਕ ਸਨ, ਇਸ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ। ਉਧਰ, ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਆਮ ਤੌਰ ’ਤੇ ਸ਼ਾਮ ਨੂੰ ਇੱਥੇ 30 ਤੋਂ 35 ਵਿਦਿਆਰਥੀ ਸਿਵਲ ਸੇਵਾਵਾਂ ਦੀ ਤਿਆਰੀ ਕਰਦੇ ਹਨ। ਇਸ ਦੇ ਨਾਲ ਹੀ ਦਿੱਲੀ ਭਾਜਪਾ ਆਗੂ ਮਨਜਿੰਦਰ ਸਿਰਸਾ ਨੇ ਦਾਅਵਾ ਕੀਤਾ ਕਿ ਸ਼ਾਮ ਵੇਲੇ ਕੋਚਿੰਗ ਵਿੱਚ 18 ਵਿਦਿਆਰਥੀ ਸਨ।
ਫਾਇਰ ਅਫਸਰ ਅਤੁਲ ਗਰਗ ਨੇ ਦੱਸਿਆ ਕਿ ਸਾਨੂੰ ਸ਼ਾਮ 7 ਵਜੇ ਕੋਚਿੰਗ ਬੇਸਮੈਂਟ ਵਿੱਚ ਪਾਣੀ ਭਰਨ ਦੀ ਸੂਚਨਾ ਮਿਲੀ। ਇਸ 'ਤੇ ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਭੇਜੀਆਂ ਗਈਆਂ। ਪਹਿਲਾਂ ਤਾਂ ਸੜਕ ’ਤੇ ਪਾਣੀ ਭਰਨ ਕਾਰਨ ਬੇਸਮੈਂਟ ਵਿੱਚੋਂ ਪਾਣੀ ਨਹੀਂ ਨਿਕਲ ਰਿਹਾ ਸੀ। ਕੁਝ ਸਮੇਂ ਬਾਅਦ ਜਦੋਂ ਪਾਣੀ ਘਟਣ ਲੱਗਾ ਤਾਂ ਵਿਦਿਆਰਥੀਆਂ ਦੀਆਂ ਲਾਸ਼ਾਂ ਮਿਲਣੀਆਂ ਸ਼ੁਰੂ ਹੋ ਗਈਆਂ।
ਦਿੱਲੀ ਸਰਕਾਰ ਦੇ ਮੰਤਰੀ ਆਤਿਸ਼ੀ ਨੇ ਮੁੱਖ ਸਕੱਤਰ ਨਰੇਸ਼ ਕੁਮਾਰ ਨੂੰ ਕੋਚਿੰਗ ਇੰਸਟੀਚਿਊਟ ਦੇ ਬੇਸਮੈਂਟ 'ਚ ਪਾਣੀ ਭਰਨ ਅਤੇ ਵਿਦਿਆਰਥੀਆਂ ਦੇ ਫਸ ਜਾਣ ਦੀ ਘਟਨਾ ਦੀ ਮੈਜਿਸਟ੍ਰੇਟ ਜਾਂਚ ਸ਼ੁਰੂ ਕਰਨ ਅਤੇ 24 ਘੰਟਿਆਂ ਦੇ ਅੰਦਰ ਰਿਪੋਰਟ ਦੇਣ ਦੇ ਨਿਰਦੇਸ਼ ਦਿੱਤੇ ਹਨ।
ਉਨ੍ਹਾਂ ਕਿਹਾ ਕਿ ਭਾਜਪਾ ਜਵਾਬ ਦੇਵੇ ਕਿ ਉਹ 15 ਸਾਲ ਉਨ੍ਹਾਂ ਦੇ ਕੌਂਸਲਰ ਰਹੇ, ਉਨ੍ਹਾਂ ਨੇ ਕੀ ਕੀਤਾ? ਇਸ ਦੇ ਨਾਲ ਹੀ ਭਾਜਪਾ ਦੇ ਸੂਬਾ ਪ੍ਰਧਾਨ ਵਰਿੰਦਰ ਸਚਦੇਵਾ ਨੇ ਕਿਹਾ ਕਿ ਕੇਜਰੀਵਾਲ, ਆਤਿਸ਼ੀ ਅਤੇ ਉਨ੍ਹਾਂ ਦੀ ਸਰਕਾਰ ਦੇ ਭ੍ਰਿਸ਼ਟਾਚਾਰ ਦੀ ਜਾਂਚ ਹੋਣੀ ਚਾਹੀਦੀ ਹੈ। ਦਿੱਲੀ ਨਗਰ ਨਿਗਮ ਦੇ ਭ੍ਰਿਸ਼ਟਾਚਾਰ ਦੀ ਜਾਂਚ ਹੋਣੀ ਚਾਹੀਦੀ ਹੈ। ਡਰੇਨ ਦੀ ਸਫ਼ਾਈ ਕਿਉਂ ਨਹੀਂ ਹੋਈ?