
ਦਲਜੀਤ ਸਿੰਘ ਚੌਧਰੀ ਬਣੇ BSF ਦੇ ਨਵੇਂ ਮੁਖੀ
ਨਵੀਂ ਦਿੱਲੀ: ਭਾਰਤੀ ਪੁਲਿਸ ਸੇਵਾ (ਆਈ.ਪੀ.ਐਸ.) ਦੇ ਸੀਨੀਅਰ ਅਧਿਕਾਰੀ ਰਾਜਵਿੰਦਰ ਸਿੰਘ ਭੱਟੀ ਨੂੰ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ.ਆਈ.ਐਸ.ਐਫ.) ਦਾ ਮੁਖੀ ਅਤੇ ਦਲਜੀਤ ਸਿੰਘ ਚੌਧਰੀ ਨੂੰ ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਦਾ ਮੁਖੀ ਨਿਯੁਕਤ ਕੀਤਾ ਗਿਆ ਹੈ। ਬੁਧਵਾਰ ਨੂੰ ਇਕ ਅਧਿਕਾਰਤ ਹੁਕਮ ’ਚ ਇਹ ਜਾਣਕਾਰੀ ਦਿਤੀ ਗਈ।
ਭੱਟੀ ਬਿਹਾਰ ਕਾਡਰ ਦੇ 1990 ਬੈਚ ਦੇ ਭਾਰਤੀ ਪੁਲਿਸ ਸੇਵਾ (ਆਈ.ਪੀ.ਐਸ.) ਅਧਿਕਾਰੀ ਹਨ। ਪਰਸੋਨਲ ਮੰਤਰਾਲੇ ਦੇ ਹੁਕਮ ਅਨੁਸਾਰ ਭੱਟੀ ਨੂੰ ਅਹੁਦਾ ਸੰਭਾਲਣ ਦੀ ਮਿਤੀ ਤੋਂ ਲੈ ਕੇ 30 ਸਤੰਬਰ, 2025 ਨੂੰ ਉਨ੍ਹਾਂ ਦੀ ਸੇਵਾਮੁਕਤੀ ਦੀ ਮਿਤੀ ਤਕ ਦੇ ਕਾਰਜਕਾਲ ਲਈ ਸੀ.ਆਈ.ਐਸ.ਐਫ. ਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਹੈ।
ਪ੍ਰਸੋਨਲ ਮੰਤਰਾਲੇ ਨੇ ਕਿਹਾ ਕਿ ਚੌਧਰੀ ਇਸ ਸਮੇਂ ਸਸ਼ਸਤਰ ਸੀਮਾ ਬਲ (ਐਸ.ਐਸ.ਬੀ.) ਦੇ ਮੁਖੀ ਹਨ ਅਤੇ ਉਨ੍ਹਾਂ ਨੂੰ 30 ਨਵੰਬਰ, 2025 ਨੂੰ ਸੇਵਾਮੁਕਤ ਹੋਣ ਦੀ ਮਿਤੀ ਤਕ ਬੀ.ਐਸ.ਐਫ. ਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਹੈ। ਚੌਧਰੀ ਉੱਤਰ ਪ੍ਰਦੇਸ਼ ਕਾਡਰ ਦੇ 1990 ਬੈਚ ਦੇ ਆਈ.ਪੀ.ਐਸ. ਅਧਿਕਾਰੀ ਹਨ।