ਭਾਰਤੀ ਰਿਜ਼ਰਵ ਬੈਂਕ ਦੇ ਮੁਤਾਬਕ ਬੈਂਕ ਦੇ ਲਾਕਰ 'ਚ ਨਕਦੀ, ਹਥਿਆਰ, ਖਤਰਨਾਕ ਪਦਾਰਥ ਵਰਗੀਆਂ ਚੀਜ਼ਾਂ ਨਹੀਂ ਰੱਖੀਆਂ ਜਾ ਸਕਦੀਆਂ ਹਨ
ਯੂਪੀ - ਯੂਪੀ ਦੇ ਮੁਰਾਦਾਬਾਦ ਵਿਚ ਬੈਂਕ ਆਫ ਬੜੌਦਾ ਦੀ ਆਸ਼ਿਆਨਾ ਸ਼ਾਖਾ ਤੋਂ ਇੱਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ। ਇੱਥੇ 18 ਲੱਖ ਰੁਪਏ ਲੰਬੇ ਸਮੇਂ ਤੋਂ ਲਾਕਰ 'ਚ ਰੱਖੇ ਹੋਏ ਸਨ, ਜਿਸ ਨੂੰ ਸਿਊਕ ਖਾ ਗਈ। ਇਸ ਗੱਲ ਦਾ ਪਤਾ ਉਦੋਂ ਲੱਗਿਆ ਜਦੋਂ ਲਾਕਰ ਵਿਚ ਪੈਸੇ ਰੱਖਣ ਵਾਲੀ ਔਰਤ ਨੇ ਤਾਲਾ ਖੋਲ੍ਹਿਆ। ਤਾਲਾ ਖੁੱਲ੍ਹਦੇ ਹੀ ਔਰਤ ਦੇ ਹੋਸ਼ ਉੱਡ ਗਏ ਕਿਉਂਕਿ ਦੀਮਕ ਨੇ ਸਾਰੇ ਨੋਟ ਖ਼ਰਾਬ ਕਰ ਦਿੱਤੇ ਸਨ। ਪੀੜਤ ਔਰਤ ਨੇ ਇਸ ਦੀ ਸ਼ਿਕਾਇਤ ਬ੍ਰਾਂਚ ਮੈਨੇਜਰ ਨੂੰ ਕੀਤੀ।
ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ। ਇਸ ਮਾਮਲੇ ਵਿਚ ਬੈਂਕ ਦੇ ਲੀਡ ਜ਼ਿਲ੍ਹਾ ਮੈਨੇਜਰ ਵਿਸ਼ਾਲ ਦੀਕਸ਼ਿਤ ਦਾ ਬਿਆਨ ਵੀ ਸਾਹਮਣੇ ਆਇਆ ਹੈ।
ਵਿਸ਼ਾਲ ਦੀਕਸ਼ਿਤ ਨੇ ਦੱਸਿਆ ਕਿ ਹੁਣ ਤੱਕ ਸਿਰਫ ਇੰਨਾ ਹੀ ਪਤਾ ਲੱਗਿਆ ਹੈ ਕਿ ਔਰਤ ਦਾ ਕਾਫ਼ੀ ਪੈਸਾ ਬੈਂਕ 'ਚ ਰੱਖਿਆ ਗਿਆ ਸੀ, ਜਿਸ ਨੂੰ ਸਿਊਕ ਖਾ ਗਈ। ਇਨ੍ਹਾਂ ਕਾਰਨਾਂ ਦਾ ਪਤਾ ਲਗਾਉਣ ਲਈ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ
ਕਿ ਕਿਹੜੇ ਕਾਰਨਾਂ ਕਾਰਨ ਨੋਟਾਂ 'ਤੇ ਸਿਊਕ ਲੱਗੀ ਹੈ ਜਿੱਥੋਂ ਤੱਕ ਨੀਤੀ ਦਾ ਸਬੰਧ ਹੈ, ਆਮ ਤੌਰ 'ਤੇ ਬੈਂਕਾਂ ਵਿਚ ਨਿਯਮ ਹੈ ਕਿ ਮੁਆਵਜ਼ਾ ਸਿਰਫ਼ ਕੁਦਰਤੀ ਆਫ਼ਤ ਦੀ ਸਥਿਤੀ ਵਿਚ ਹੀ ਦਿੱਤਾ ਜਾਂਦਾ ਹੈ। ਇਹ ਇੱਕ ਅਚਾਨਕ ਹੋਈ ਘਟਨਾ ਹੈ। ਅਜੇ ਤੱਕ ਅਜਿਹਾ ਕੋਈ ਮਾਮਲਾ ਧਿਆਨ ਵਿਚ ਨਹੀਂ ਆਇਆ। ਫਿਲਹਾਲ ਬੈਂਕ ਪੱਧਰ 'ਤੇ ਜਾਂਚ ਚੱਲ ਰਹੀ ਹੈ।
ਜ਼ਿਕਰਯੋਗ ਹੈ ਕਿ ਭਾਰਤੀ ਰਿਜ਼ਰਵ ਬੈਂਕ ਦੇ ਮੁਤਾਬਕ ਬੈਂਕ ਦੇ ਲਾਕਰ 'ਚ ਨਕਦੀ, ਹਥਿਆਰ, ਖਤਰਨਾਕ ਪਦਾਰਥ ਵਰਗੀਆਂ ਚੀਜ਼ਾਂ ਨਹੀਂ ਰੱਖੀਆਂ ਜਾ ਸਕਦੀਆਂ ਹਨ। ਉੱਥੇ ਗਹਿਣੇ, ਦਸਤਾਵੇਜ਼ ਆਦਿ ਰੱਖੇ ਜਾ ਸਕਦੇ ਹਨ। ਮੁਰਾਦਾਬਾਦ ਦੀ ਔਰਤ ਅਲਕਾ ਪਾਠਕ ਦਾ ਦਾਅਵਾ ਹੈ ਕਿ ਉਸ ਨੇ ਆਪਣੀ ਬੇਟੀ ਦੇ ਵਿਆਹ ਲਈ ਬੈਂਕ ਲਾਕਰ 'ਚ 18 ਲੱਖ ਰੁਪਏ ਨਕਦ ਰੱਖੇ ਹੋਏ ਸਨ ਪਰ ਇਹ ਸਾਰਾ ਕੁਝ ਸਿਊਕ ਦੀ ਭੇਟ ਚੜ੍ਹ ਗਿਆ।
ਅਲਕਾ ਪਾਠਕ ਦੇ ਮੁਤਾਬਕ ਬੈਂਕ ਆਫ ਬੜੌਦਾ ਦੀ ਰਾਮਗੰਗਾ ਵਿਹਾਰ ਬ੍ਰਾਂਚ 'ਚ ਅਕਤੂਬਰ 2022 'ਚ ਬੇਟੀ ਦੇ ਵਿਆਹ ਲਈ ਗਹਿਣਿਆਂ ਦੇ ਨਾਲ-ਨਾਲ 18 ਲੱਖ ਰੁਪਏ ਲਾਕਰ 'ਚ ਰੱਖੇ ਗਏ ਸਨ। ਜਦੋਂ ਉਹ ਪਿਛਲੇ ਸੋਮਵਾਰ ਨੂੰ ਚੈੱਕ ਕਰਨ ਗਈ ਤਾਂ ਦੇਖਿਆ ਕਿ ਸਾਰੇ ਨੋਟ ਦੀਮਕ ਖਾ ਗਈ ਸੀ। ਦਰਅਸਲ, ਬੈਂਕ ਵਾਲਿਆਂ ਨੇ ਉਸ ਨੂੰ ਲਾਕਰ ਐਗਰੀਮੈਂਟ ਅਤੇ ਕੇਵਾਈਸੀ ਦੇ ਨਵੀਨੀਕਰਨ ਲਈ ਬੁਲਾਇਆ ਸੀ।
ਅਲਕਾ ਦਾ ਕਹਿਣਾ ਹੈ ਕਿ ਉਸ ਦਾ ਛੋਟਾ ਜਿਹਾ ਕਾਰੋਬਾਰ ਹੈ। ਉਹ ਬੱਚਿਆਂ ਨੂੰ ਟਿਊਸ਼ਨ ਵੀ ਦਿੰਦੀ ਹੈ। ਸਾਰੀ ਬੱਚਤ ਲਾਕਰ ਵਿੱਚ ਰੱਖੀ ਹੋਈ ਸੀ। ਪਹਿਲੀ ਧੀ ਦੇ ਵਿਆਹ ਤੋਂ ਲੈ ਕੇ ਸਾਰੀ ਨਕਦੀ, ਗਹਿਣੇ ਆਦਿ ਉਥੇ ਰੱਖੇ ਹੋਏ ਸਨ। ਹੁਣ ਦੂਜੀ ਧੀ ਦੇ ਵਿਆਹ ਲਈ ਮਹਿਲਾ ਨੇ ਕੈਸ਼ ਕਢਵਾਉਣਾ ਸੀ ਪਰ ਉਸ ਤੋਂ ਪਹਿਲਾਂ ਸਾਰੇ ਨੋਟਾਂ ਨੂੰ ਸਿਊਕ ਲੱਗ ਗਈ।
ਖਾਤਾਧਾਰਕ ਅਲਕਾ ਪਾਠਕ ਨੇ ਦੱਸਿਆ ਕਿ ਉਸ ਨੂੰ ਪਹਿਲਾਂ ਤੋਂ ਪਤਾ ਨਹੀਂ ਸੀ ਕਿ ਲਾਕਰ ਵਿਚ ਨਕਦੀ ਨਹੀਂ ਰੱਖੀ ਜਾ ਸਕਦੀ। ਉਸ ਨੇ ਖ਼ੁਦ 18 ਲੱਖ ਰੁਪਏ ਗਹਿਣਿਆਂ ਸਮੇਤ ਲਾਕਰ ਵਿਚ ਰੱਖੇ ਸਨ। ਬੀਤੇ ਸੋਮਵਾਰ ਜਦੋਂ ਬੈਂਕ ਨੂੰ ਕੇਵਾਈਸੀ ਕਰਨ ਲਈ ਬੁਲਾਇਆ ਗਿਆ ਤਾਂ ਲਾਕਰ ਖੋਲ੍ਹਿਆ ਗਿਆ ਤਾਂ ਮਾਮਲਾ ਸਾਹਮਣੇ ਆਇਆ।