
CM ਆਤਿਸ਼ੀ ਨੇ ਭਾਜਪਾ ਨੂੰ ਚੁਨੌਤੀ ਦਿਤੀ ਕਿ ਉਹ ਐਮ.ਸੀ.ਡੀ. ਨੂੰ ਭੰਗ ਕਰੇ ਅਤੇ ਚੋਣਾਂ ’ਚ ‘ਆਪ’ ਦਾ ਮੁਕਾਬਲਾ ਕਰੇ
MCD Standing Committee Election : ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦਿੱਲੀ ਨਗਰ ਨਿਗਮ (ਐੱਮ.ਸੀ.ਡੀ.) ਦੀ ਸਥਾਈ ਕਮੇਟੀ ਦੀ ‘ਗੈਰ-ਸੰਵਿਧਾਨਕ, ਗੈਰ-ਕਾਨੂੰਨੀ ਅਤੇ ਗੈਰ-ਲੋਕਤੰਤਰੀ’ ਚੋਣ ਵਿਰੁਧ ਸਨਿਚਰਵਾਰ ਨੂੰ ਸੁਪਰੀਮ ਕੋਰਟ ’ਚ ਪਟੀਸ਼ਨ ਦਾਇਰ ਕਰੇਗੀ।
ਭਾਜਪਾ ਨੇ ਸ਼ੁਕਰਵਾਰ ਨੂੰ ਐਮ.ਸੀ.ਡੀ. ਦੀ 18 ਮੈਂਬਰੀ ਸਥਾਈ ਕਮੇਟੀ ਦੀ ਇਕਲੌਤੀ ਖਾਲੀ ਸੀਟ ’ਤੇ ਬਿਨਾਂ ਵਿਰੋਧ ਜਿੱਤ ਹਾਸਲ ਕੀਤੀ ਕਿਉਂਕਿ ਸੱਤਾਧਾਰੀ ‘ਆਪ’ ਅਤੇ ਕਾਂਗਰਸ ਦੇ ਕੌਂਸਲਰਾਂ ਨੇ ਚੋਣਾਂ ਦਾ ਬਾਈਕਾਟ ਕੀਤਾ ਸੀ।
ਇਕ ਪ੍ਰੈਸ ਕਾਨਫਰੰਸ ’ਚ ਆਤਿਸ਼ੀ ਨੇ ਭਾਜਪਾ ਨੂੰ ਚੁਨੌਤੀ ਦਿਤੀ ਕਿ ਉਹ ਐਮ.ਸੀ.ਡੀ. ਨੂੰ ਭੰਗ ਕਰੇ ਅਤੇ ਚੋਣਾਂ ’ਚ ‘ਆਪ’ ਦਾ ਮੁਕਾਬਲਾ ਕਰੇ ਤਾਂ ਜੋ ਇਹ ਵੇਖਿਆ ਜਾ ਸਕੇ ਕਿ ਲੋਕ ਨਗਰ ਨਿਗਮ ’ਚ ਕਿਸ ਪਾਰਟੀ ਨੂੰ ਚਾਹੁੰਦੇ ਹਨ।
ਉਨ੍ਹਾਂ ਦੋਸ਼ ਲਾਇਆ ਕਿ ਉਪ ਰਾਜਪਾਲ ਅਤੇ ਅਧਿਕਾਰੀਆਂ ਦੀਆਂ ਸ਼ਕਤੀਆਂ ਦੀ ਦੁਰਵਰਤੋਂ ਕਰ ਕੇ ਚੋਣਾਂ ਕਰਵਾਈਆਂ ਗਈਆਂ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਨਿਯਮਾਂ ਅਨੁਸਾਰ ਸਿਰਫ ਮੇਅਰ ਹੀ ਐਮ.ਸੀ.ਡੀ. ਹਾਊਸ ਦੀ ਮੀਟਿੰਗ ਦੀ ਤਰੀਕ ਅਤੇ ਸਥਾਨ ਤੈਅ ਕਰ ਸਕਦਾ ਹੈ ਅਤੇ ਸਿਰਫ ਮੇਅਰ ਹੀ ਇਸ ਦੀ ਕਾਰਵਾਈ ਦੀ ਪ੍ਰਧਾਨਗੀ ਕਰ ਸਕਦਾ ਹੈ।