
ਸੇਂਥਿਲ ਬਾਲਾਜੀ ਵੀ ਮੁੜ ਕੈਬਿਨੇਟ ’ਚ ਸ਼ਾਮਲ, ਐਤਵਾਰ ਦੁਪਹਿਰ 3:30 ਵਜੇ ਹੋਵੇਗਾ ਸਹੁੰ ਚੁੱਕ ਸਮਾਗਮ
Tamil Nadu Cabinet reshuffle : ਤਾਮਿਲਨਾਡੂ ਸਰਕਾਰ ਦੇ ਮੰਤਰੀ ਮੰਡਲ ਵਿੱਚ ਵੱਡੇ ਫੇਰਬਦਲ ਦੀ ਜਾਣਕਾਰੀ ਸਾਹਮਣੇ ਆਈ ਹੈ। ਸਰਕਾਰ ਨੇ ਉਦੈਨਿਧੀ ਸਟਾਲਿਨ ਨੂੰ ਉਪ ਮੁੱਖ ਮੰਤਰੀ ਬਣਾ ਦਿੱਤਾ ਹੈ। ਉਹ ਸੂਬੇ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਦੇ ਪੁੱਤਰ ਹਨ।
ਤਾਮਿਲਨਾਡੂ ਦੇ ਮੁੱਖ ਮੰਤਰੀ ਸਟਾਲਿਨ ਨੇ ਮੰਗਲਵਾਰ ਨੂੰ ਸੰਕੇਤ ਦਿੱਤਾ ਸੀ ਕਿ ਉਦੈਨਿਧੀ ਸਟਾਲਿਨ ਨੂੰ ਰਾਜ ਦਾ ਉਪ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ ਅਤੇ ਮੰਤਰੀ ਮੰਡਲ ਵਿੱਚ ਫੇਰਬਦਲ ਵੀ ਸੰਭਵ ਹੈ।
ਰਾਜ ਭਵਨ ਤੋਂ ਜਾਰੀ ਇਕ ਬਿਆਨ ਮੁਤਾਬਕ ਸਹੁੰ ਚੁੱਕ ਸਮਾਰੋਹ 29 ਸਤੰਬਰ ਨੂੰ ਦੁਪਹਿਰ 3:30 ਵਜੇ ਚੇਨਈ ਦੇ ਰਾਜ ਭਵਨ ’ਚ ਹੋਵੇਗਾ। ਇਸ ਫੇਰਬਦਲ ’ਚ ਸੇਂਥਿਲ ਬਾਲਾਜੀ ਨੂੰ ਵੀ ਤਾਮਿਲਨਾਡੂ ਕੈਬਨਿਟ ’ਚ ਦੁਬਾਰਾ ਸ਼ਾਮਲ ਕੀਤਾ ਗਿਆ ਹੈ।
ਇਹ ਤਬਦੀਲੀਆਂ ਤਾਮਿਲਨਾਡੂ ਦੇ ਸਿਆਸੀ ਦ੍ਰਿਸ਼ ’ਚ ਇਕ ਮਹੱਤਵਪੂਰਣ ਤਬਦੀਲੀ ਨੂੰ ਦਰਸਾਉਂਦੀਆਂ ਹਨ, ਜੋ ਮੌਜੂਦਾ ਮੁੱਖ ਮੰਤਰੀ ਐਮ.ਕੇ. ਸਟਾਲਿਨ ਦੇ ਬੇਟੇ ਉਦੈਨਿਧੀ ਸਟਾਲਿਨ ਦੀ ਲੀਡਰਸ਼ਿਪ ਨੂੰ ਹੋਰ ਮਜ਼ਬੂਤ ਕਰਦੀਆਂ ਹਨ।
ਉਦੈਨਿਧੀ ਨੂੰ ਉਪ ਮੁੱਖ ਮੰਤਰੀ ਦੇ ਅਹੁਦੇ ’ਤੇ ਤਰੱਕੀ ਸੱਤਾਧਾਰੀ ਦ੍ਰਾਵਿੜ ਮੁਨੇਤਰਾ ਕਜ਼ਗਮ (ਡੀ.ਐਮ.ਕੇ.) ਪਾਰਟੀ ਅਤੇ ਸੂਬੇ ਦੀ ਸਿਆਸਤ ’ਚ ਉਨ੍ਹਾਂ ਦੇ ਵਧਦੇ ਪ੍ਰਭਾਵ ਦਾ ਸੰਕੇਤ ਦਿੰਦੀ ਹੈ। ਇਸ ਫੈਸਲੇ ਨੂੰ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਪਾਰਟੀ ਦੀ ਪਕੜ ਨੂੰ ਮਜ਼ਬੂਤ ਕਰਨ ਲਈ ਰਣਨੀਤਕ ਕਦਮ ਵਜੋਂ ਵੇਖਿਆ ਜਾ ਰਿਹਾ ਹੈ।