
ਪਤਾ ਦੱਸਣ ਵਾਲੇ ਨੂੰ ਚੰਡੀਗੜ੍ਹ ਪੁਲਿਸ ਦੇਵੇਗੀ 50 ਹਜ਼ਾਰ ਰੁਪਏ
ਚੰਡੀਗੜ੍ਹ : ਧੋਖਾਧੜੀ ਕਰਨ ਵਾਲਿਆਂ ਨੂੰ ਕਾਬੂ ਕਰਨ ਲਈ ਚੰਡੀਗੜ੍ਹ ਪੁਲਿਸ ਸਖਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਸਥਾਨਕ ਪੁਲਿਸ ਨੇ ਜੀ.ਬੀ.ਪੀ. ਗਰੁੱਪ ਦੇ ਮਾਲਕਾਂ 'ਤੇ 50 ਹਜ਼ਾਰ ਰੁਪਏ ਦਾ ਇਨਾਮ ਰੱਖਿਆ ਹੈ। ਇਸ ਬਾਰੇ ਇੱਕ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ ਜਿਸ ਵਿਚ ਆਮ ਜਨਤਾ ਨੂੰ ਸੂਚਿਤ ਕੀਤਾ ਗਿਆ ਹੈ ਕਿ ਸਤੀਸ਼ ਗੁਪਤਾ, ਪ੍ਰਦੀਪ ਗੁਪਤਾ, ਰਮਨ ਗੁਪਤਾ ਅਤੇ ਅਨੁਪਮ ਗੁਪਤਾ ਦਾ ਪਤਾ ਦੱਸਣ ਵਾਲੇ ਨੂੰ 50 ਹਜ਼ਾਰ ਰੁਪਏ ਇਨਾਮ ਦਿੱਤਾ ਜਾਵੇਗਾ।
ਦੱਸ ਦੇਈਏ ਕਿ ਉਕਤ ਵਿਅਕਤੀਆਂ ਨੇ ਰਿਹਾਇਸ਼ੀ ਅਤੇ ਕਮਰਸ਼ੀਅਲ ਥਾਵਾਂ ਡਲਿਵਰ ਕਰਨ ਦੇ ਨਾਮ 'ਤੇ 40 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ ਅਤੇ ਉਹ ਧੋਖਾਧੜੀ ਅਤੇ ਅਪਰਾਧਿਕ ਸਾਜ਼ਿਸ਼ਾਂ ਦੇ 19 ਕੇਸਾਂ ਵਿਚ ਲੋੜੀਂਦੇ ਹਨ। ਜਾਣਕਾਰੀ ਅਨੁਸਾਰ ਜੀ.ਬੀ.ਪੀ. ਗਰੁੱਪ ਦੇ ਇਨ੍ਹਾਂ ਮਾਲਕਾਂ ਵਿਰੁੱਧ ਕਈ ਸ਼ਿਕਾਇਤਾਂ ਮਿਲ ਚੁੱਕੀਆਂ ਹਨ।
ਇਸ ਤੋਂ ਇਲਾਵਾ ਪੁਲਿਸ ਨੇ ਇੱਕ ਟਰੈਵਲ ਏਜੰਟ ਕ੍ਰਿਸਪੀ ਖਹਿਰਾ ਦੇ ਨਾਮ ਵੀ ਇਨਾਮ ਰੱਖਿਆ ਹੈ। ਦੋਸ਼ ਹੈ ਕਿ ਉਕਤ ਟਰੈਵਲ ਏਜੰਟ ਕ੍ਰਿਸਪੀ ਖਹਿਰਾ ਨੇ ਵਿਦੇਸ਼ ਭੇਜਣ ਦੇ ਨਾਮ 'ਤੇ ਕਰੀਬ 8 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ। ਪੁਲਿਸ ਵਲੋਂ ਜਾਰੀ ਇਸ਼ਤਿਹਾਰ ਵਿਚ ਕਿਹਾ ਗਿਆ ਹੈ ਕਿ ਉਕਤ ਵਿਅਕਤੀਆਂ ਦਾ ਪਤਾ ਦੱਸਣ ਵਾਲੇ ਦੀ ਪਛਾਣ ਗੁਪਤ ਰਾਖੀ ਜਾਵੇਗੀ। ਇਸ ਲਈ ਉਨ੍ਹਾਂ ਬਕਾਇਦਾ ਨੰਬਰ ਵੀ ਜਾਰੀ ਕੀਤੇ ਗਏ ਹਨ।