
ਇਸ ਤੋਂ ਪਹਿਲਾਂ 2020 ਵਿਚ ਦਿੱਲੀ ਵਿਚ ਆਟੋ ਰਿਕਸ਼ਾ ਦਾ ਕਿਰਾਇਆ ਵਧਾਇਆ ਗਿਆ ਸੀ। ਜਦੋਂ ਕਿ ਟੈਕਸੀ ਦਾ ਕਿਰਾਇਆ 2013 ਵਿਚ ਵਧਾਇਆ ਗਿਆ ਸੀ।
ਨਵੀਂ ਦਿੱਲੀ : ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ ਨੂੰ ਇਕ ਹੋਰ ਵੱਡਾ ਝਟਕਾ ਦਿੱਤਾ ਹੈ। ਦਿੱਲੀ 'ਚ ਟੈਕਸੀ ਅਤੇ ਆਟੋ ਰਿਕਸ਼ਾ ਦਾ ਸਫ਼ਰ ਹੁਣ ਮਹਿੰਗਾ ਹੋਣ ਵਾਲਾ ਹੈ। ਦਿੱਲੀ ਸਰਕਾਰ ਨੇ ਸ਼ੁੱਕਰਵਾਰ ਨੂੰ ਸੋਧੇ ਹੋਏ ਟੈਕਸੀ ਤੇ ਆਟੋ ਰਿਕਸ਼ਾ ਦੇ ਕਿਰਾਏ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਸਬੰਧੀ ਜਲਦੀ ਹੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ। ਨੋਟੀਫਿਕੇਸ਼ਨ ਜਾਰੀ ਹੁੰਦੇ ਹੀ ਦਿੱਲੀ ਵਿਚ ਨਵਾਂ ਕਿਰਾਇਆ ਲਾਗੂ ਹੋ ਜਾਵੇਗਾ। ਇਸ ਤੋਂ ਪਹਿਲਾਂ 2020 ਵਿਚ ਦਿੱਲੀ ਵਿਚ ਆਟੋ ਰਿਕਸ਼ਾ ਦਾ ਕਿਰਾਇਆ ਵਧਾਇਆ ਗਿਆ ਸੀ। ਜਦੋਂ ਕਿ ਟੈਕਸੀ ਦਾ ਕਿਰਾਇਆ 2013 ਵਿਚ ਵਧਾਇਆ ਗਿਆ ਸੀ।
ਆਟੋ ਦਾ ਕਿਰਾਇਆ
ਡੇਢ ਕਿਲੋਮੀਟਰ ਆਟੋ ਦਾ ਸ਼ੁਰੂਆਤੀ ਕਿਰਾਇਆ ਹੁਣ ਤੱਕ 25 ਰੁਪਏ ਸੀ, ਜੋ ਹੁਣ ਵਧਾ ਕੇ 30 ਰੁਪਏ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਮੀਟਰ ਡਾਊਨ ਹੁੰਦੇ ਹੀ 9.5 ਰੁਪਏ ਪ੍ਰਤੀ ਕਿਲੋਮੀਟਰ ਦੀ ਬਜਾਏ 11 ਰੁਪਏ ਕਿਲੋਮੀਟਰ ਦਾ ਕਿਰਾਇਆ ਅਦਾ ਕਰਨਾ ਹੋਵੇਗਾ। ਏਸੀ ਜਾਂ ਨਾਨ ਏਸੀ ਟੈਕਸੀਆਂ ਦੇ ਸ਼ੁਰੂਆਤੀ 1 ਕਿਲੋਮੀਟਰ ਦੇ ਕਿਰਾਏ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਤੋਂ ਬਾਅਦ ਨਾਨ-ਏਸੀ ਪ੍ਰਤੀ ਕਿਲੋਮੀਟਰ ਲਈ ਜਿੱਥੇ ਪਹਿਲਾਂ 14 ਰੁਪਏ ਦਾ ਭੁਗਤਾਨ ਕਰਨਾ ਪੈਂਦਾ ਸੀ, ਉਹ ਹੁਣ ਵਧ ਕੇ 16 ਰੁਪਏ ਹੋ ਜਾਵੇਗਾ, ਜਦਕਿ ਏਸੀ ਲਈ 17 ਰੁਪਏ ਪ੍ਰਤੀ ਕਿਲੋਮੀਟਰ ਦਾ ਚਾਰਜ ਹੁਣ 20 ਰੁਪਏ ਪ੍ਰਤੀ ਕਿਲੋਮੀਟਰ ਹੋ ਜਾਵੇਗਾ।
ਆਟੋ ਅਤੇ ਟੈਕਸੀ ਦੇ ਰਾਤ ਦੇ ਚਾਰਜ (ਰਾਤ 11 ਵਜੇ ਤੋਂ ਸਵੇਰੇ 5 ਵਜੇ) ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਨਾਈਟ ਚਾਰਜ ਨੂੰ ਪਹਿਲਾਂ ਦੀ ਤਰ੍ਹਾਂ 25 ਫੀਸਦੀ ਰੱਖਿਆ ਗਿਆ ਹੈ। ਕਿਰਾਇਆ ਵਧਾਉਣ ਪਿੱਛੇ ਦਿੱਲੀ ਸਰਕਾਰ ਦਾ ਤਰਕ ਹੈ ਕਿ ਇਸ ਫੈਸਲੇ ਨਾਲ ਕਰੀਬ ਦੋ ਲੱਖ ਆਟੋ ਰਿਕਸ਼ਾ ਅਤੇ ਟੈਕਸੀ ਚਾਲਕਾਂ ਨੂੰ ਰਾਹਤ ਮਿਲੇਗੀ। ਸੀਐਨਜੀ ਦੀਆਂ ਕੀਮਤਾਂ ਵਿਚ ਹਾਲ ਹੀ ਵਿਚ ਹੋਏ ਵਾਧੇ ਕਾਰਨ ਉਨ੍ਹਾਂ ਨੂੰ ਹੋਰ ਖਰਚਾ ਝੱਲਣਾ ਪੈ ਰਿਹਾ ਹੈ।