
ਇੰਟਰਪੋਲ ਨੇ ਯੋਗੇਸ਼ 'ਤੇ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ
ਝੱਜਰ: ਗੈਂਗਸਟਰ ਯੋਗੇਸ਼ ਕਾਦਿਆਂਨ ਝੱਜਰ ਜ਼ਿਲ੍ਹੇ ਦੇ ਪਿੰਡ ਬੇਰੀ ਦਾ ਰਹਿਣ ਵਾਲਾ ਹੈ। ਯੋਗੇਸ਼ ਬਾਰੇ ਕਿਹਾ ਜਾਂਦਾ ਹੈ ਕਿ ਉਹ ਆਧੁਨਿਕ ਹਥਿਆਰਾਂ ਦੀ ਵਰਤੋਂ ਕਰਨ ਵਿਚ ਮਾਹਿਰ ਹੈ। ਇਹ ਉਹ ਸ਼ਖਸ ਹੈ, ਜਿਸ ਦਾ ਨਾਂ ਕੁਝ ਦਿਨਾਂ ਤੋਂ ਜੁਰਮ ਦੀ ਦੁਨੀਆ 'ਚ ਸੁਰਖੀਆਂ ਬਟੋਰ ਰਿਹਾ ਹੈ। ਜੁਰਮ ਦੀ ਦੁਨੀਆਂ ਦਾ ਅਰਥ ਹੈ ਉਹ ਗਲੀ ਜਿਸ ਵਿਚ ‘ਅੱਗੇ ਜਾਣ ਤੋਂ ਬਾਅਦ ਰਸਤਾ ਬੰਦ ਹੋ ਜਾਂਦਾ ਹੈ’।
19 ਸਾਲ ਦੀ ਉਮਰ 'ਚ ਯੋਗੇਸ਼ ਉਰਫ ਬੌਬੀ ਦੇ ਨਾਂ 'ਤੇ ਇੰਟਰਪੋਲ ਦਾ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੋਇਆ ਹੈ। ਇੰਟਰਪੋਲ ਦੀ ਵੈੱਬਸਾਈਟ ਮੁਤਾਬਕ ਉਸ 'ਤੇ ਕਤਲ ਦੀ ਕੋਸ਼ਿਸ਼, ਅਪਰਾਧਿਕ ਸਾਜ਼ਿਸ਼ ਅਤੇ ਪਾਬੰਦੀਸ਼ੁਦਾ ਹਥਿਆਰ ਰੱਖਣ ਦੇ 'ਆਰਮਜ਼ ਐਕਟ' ਦੇ ਤਹਿਤ ਦੋਸ਼ ਹਨ। ਇੰਟਰਪੋਲ ਨੇ ਯੋਗੇਸ਼ ਦੀ ਪਛਾਣ ਵੈਬਸਾਈਟ 'ਤੇ ਸਾਂਝੀ ਕਰਦੇ ਹੋਏ ਦੱਸਿਆ ਹੈ ਕਿ ਉਹ ਸਿਰਫ 19 ਸਾਲ ਦਾ ਹੈ ਅਤੇ ਉਸਦੇ ਖੱਬੇ ਹੱਥ 'ਤੇ ਤਿਲ ਹੈ। ਇਸ ਰੈੱਡ ਕਾਰਨਰ ਨੋਟਿਸ ਤੋਂ ਬਾਅਦ ਯੋਗੇਸ਼ ਦੀ ਭਾਰਤ ਹੀ ਨਹੀਂ ਬਲਕਿ ਦੁਨੀਆ ਦੇ ਕਈ ਦੇਸ਼ਾਂ 'ਚ ਤਲਾਸ਼ ਕੀਤੀ ਜਾ ਰਹੀ ਹੈ।
ਹਾਲਾਂਕਿ, ਸੁਰੱਖਿਆ ਏਜੰਸੀਆਂ ਨੂੰ ਯੋਗੇਸ਼ ਬਾਰੇ ਪਤਾ ਲੱਗਾ ਕਿ ਉਹ ਆਪਣੇ ਮਾਸਟਰ ਗੈਂਗਸਟਰ ਹਿਮਾਂਸ਼ੂ ਉਰਫ਼ ਭਾਊ ਨਾਲ ਅਮਰੀਕਾ ਵਿੱਚ ਲੁਕਿਆ ਹੋਇਆ ਹੈ। ਯੋਗੇਸ਼ ਬਾਰੇ ਕਿਹਾ ਜਾਂਦਾ ਹੈ ਕਿ ਉਹ ਆਧੁਨਿਕ ਹਥਿਆਰਾਂ ਦੀ ਵਰਤੋਂ ਕਰਨ ਵਿਚ ਮਾਹਿਰ ਹੈ। ਉਸ 'ਤੇ ਕਈ ਕੇਸ ਦਰਜ ਹਨ। ਇਕ ਕਿਸਾਨ ਪਰਿਵਾਰ ਵਿਚ ਪੈਦਾ ਹੋਇਆ ਯੋਗੇਸ਼ ਹਰਿਆਣਾ ਦੇ ਝੱਜਰ ਜ਼ਿਲ੍ਹੇ ਦੇ ਪਿੰਡ ਬੇਰੀ ਦਾ ਵਸਨੀਕ ਹੈ। ਉਸ ਦੇ ਪਿਤਾ ਸੁਧੀਰ ਖੇਤੀ ਕਰਦੇ ਹਨ। ਉਸਦਾ ਇੱਕ ਵੱਡਾ ਭਰਾ ਵੀ ਹੈ। ਯੋਗੇਸ਼ ਨੇ12ਵੀਂ ਤੱਕ ਦੀ ਪੜ੍ਹਾਈ ਕੀਤੀ ਹੈ। ਇਸੇ ਦੌਰਾਨ ਉਹ ਰੋਹਤਕ ਦੇ ਪਿੰਡ ਰਿਤੋਲੀ ਦੇ ਰਹਿਣ ਵਾਲੇ ਗੈਂਗਸਟਰ ਹਿਮਾਂਸ਼ੂ ਉਰਫ਼ ਭਾਊ ਦੇ ਸੰਪਰਕ ਵਿੱਚ ਆਇਆ ਅਤੇ ਇੱਥੋਂ ਉਹ ਅਪਰਾਧ ਦੀ ਦੁਨੀਆ ਵਿੱਚ ਦਾਖ਼ਲ ਹੋ ਗਿਆ।
ਭਾਊ ਦਿੱਲੀ ਦੇ ਗੈਂਗਸਟਰ ਨੀਰਜ ਬਵਾਨਾ, ਜਿਸਨੂੰ ਦਾਊਦ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਦਾ ਸੱਜਾ ਹੱਥ ਹੈ ਅਤੇ ਨੀਰਜ ਬਵਾਨਾ ਪੰਜਾਬ ਦੇ ਬਦਨਾਮ ਗੈਂਗਸਟਰ ਬੰਬੀਹਾ ਸਿੰਡੀਕੇਟ ਦਾ ਮੈਂਬਰ ਹੈ। ਯੋਗੇਸ਼ ਆਪਣੇ ਉਸਤਾਦ ਭਾਊ ਦੇ ਇਸ਼ਾਰੇ 'ਤੇ ਛੋਟੇ-ਮੋਟੇ ਅਪਰਾਧ ਕਰਦਾ ਰਿਹਾ ਪਰ ਪੁਲਿਸ ਦੀਆਂ ਨਜ਼ਰਾਂ ਤੋਂ ਬਚਦਾ ਰਿਹਾ। ਯੋਗੇਸ਼ ਦਾ ਨਾਂ 30 ਸਤੰਬਰ 2022 ਨੂੰ ਉਸ ਸਮੇਂ ਚਰਚਾ 'ਚ ਆਇਆ ਜਦੋਂ ਉਸ ਨੇ ਰੋਹਤਕ 'ਚ ਆਪਣੇ ਸਾਥੀਆਂ ਨਾਲ ਮਿਲ ਕੇ ਭਿਵਾਨੀ ਰੋਡ 'ਤੇ ਬਾਈਕ ਸਵਾਰ ਦੁੱਧ ਵਾਲੇ ਪ੍ਰਵੀਨ ਉਰਫ ਭਿੰਦਾ ਨੂੰ ਗੋਲੀ ਮਾਰ ਦਿੱਤੀ। ਭਿੰਦਾ ਆਪਣੇ ਪਿੰਡ ਬੱਲਾਂ ਤੋਂ ਦੁੱਧ ਵੇਚਣ ਸ਼ਹਿਰ ਆ ਰਿਹਾ ਸੀ।
ਰੋਹਤਕ ਪੁਲਿਸ ਅਨੁਸਾਰ ਇਸ ਮਾਮਲੇ ਵਿੱਚ ਥਾਣਾ ਬਹੂ ਅਕਬਰਪੁਰ ਵਿਚ ਧਾਰਾ 307, 34 'ਅਸਲਾ ਐਕਟ' ਤਹਿਤ ਕੇਸ ਨੰਬਰ 217/2022 ਦਰਜ ਕੀਤਾ ਗਿਆ ਸੀ। ਰੋਹਤਕ ਦੇ ਐਸਪੀ ਹਿਮਾਂਸ਼ੂ ਗਰਗ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਵਿਚ ਸਾਹਮਣੇ ਆਇਆ ਕਿ ਯੋਗੇਸ਼ ਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਵਾਰਦਾਤ ਨੂੰ ਅੰਜਾਮ ਦਿਤਾ। ਘਟਨਾ ਦੇ ਬਾਅਦ ਤੋਂ ਦੋਸ਼ੀ ਯੋਗੇਸ਼ ਫਰਾਰ ਹੈ। ਰੋਹਤਕ ਕੋਰਟ ਨੇ ਦੋਸ਼ੀ ਯੋਗੇਸ਼ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਜਾਂਚ 'ਚ ਸਾਹਮਣੇ ਆਇਆ ਕਿ ਦੋਸ਼ੀ ਯੋਗੇਸ਼ ਦੇਸ਼ ਛੱਡ ਕੇ ਭੱਜ ਗਿਆ ਸੀ। ਰੋਹਤਕ ਪੁਲਿਸ ਨੇ ਸੀਬੀਆਈ ਨਾਲ ਤਾਲਮੇਲ ਕਰਕੇ ਇੰਟਰਪੋਲ ਤੋਂ ਯੋਗੇਸ਼ ਲਈ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੈ। ਜੇਕਰ ਕੋਈ ਅਪਰਾਧੀ ਪੁਲਿਸ ਅਤੇ ਜਾਂਚ ਏਜੰਸੀਆਂ ਤੋਂ ਬਚ ਕੇ ਕਿਸੇ ਹੋਰ ਦੇਸ਼ ਨੂੰ ਭੱਜ ਜਾਂਦਾ ਹੈ, ਤਾਂ ਦੁਨੀਆ ਭਰ ਦੀ ਪੁਲਿਸ ਨੂੰ ਸੁਚੇਤ ਕਰਨ ਲਈ ਉਸਦੇ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਜਾਂਦਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਸਿਰਫ ਮੈਂਬਰ ਦੇਸ਼ ਹੀ ਇੰਟਰਪੋਲ ਨੂੰ ਕਿਸੇ ਲੋੜੀਂਦੇ ਅਪਰਾਧੀ ਖਿਲਾਫ ਰੈੱਡ ਨੋਟਿਸ ਜਾਰੀ ਕਰਨ ਲਈ ਕਹਿ ਸਕਦੇ ਹਨ।