
ਵਿਦਿਆਰਥੀਆਂ ਨੇ ਕੀਦਾ ਪ੍ਰਦਰਸ਼ਨ
ਇੰਫਾਲ : ਮਨੀਪੁਰ ਦੀ ਰਾਜਧਾਨੀ ਇੰਫਾਲ ’ਚ ਰਾਜ ਭਵਨ ਤੋਂ 100 ਮੀਟਰ ਤੋਂ ਵੀ ਘੱਟ ਦੂਰੀ ’ਤੇ ਸਥਿਤ ਜੀ.ਪੀ. ਮਹਿਲਾ ਕਾਲਜ ਦੇ ਗੇਟ ’ਤੇ ਸੋਮਵਾਰ ਸਵੇਰੇ ਇਕ ਹੈਂਡ ਗ੍ਰਨੇਡ ਮਿਲਿਆ। ਪੁਲਿਸ ਨੇ ਇਹ ਜਾਣਕਾਰੀ ਦਿਤੀ। ਕਾਲਜ ਦੇ ਗੇਟ ’ਤੇ ਹੈਂਡ ਗ੍ਰਨੇਡ ਮਿਲਣ ਤੋਂ ਬਾਅਦ ਇਲਾਕੇ ’ਚ ਦਹਿਸ਼ਤ ਫੈਲ ਗਈ ਹੈ।
ਇਕ ਅਧਿਕਾਰੀ ਨੇ ਦਸਿਆ ਕਿ ਗ੍ਰੇਨੇਡ ਦੀ ਸੂਚਨਾ ਮਿਲਣ ’ਤੇ ਪੁਲਿਸ ਨੇ ਇਲਾਕੇ ਦੀ ਘੇਰਾਬੰਦੀ ਕੀਤੀ ਅਤੇ ਇਸ ਨੂੰ ਬਰਾਮਦ ਕਰਨਾ ਸ਼ੁਰੂ ਕਰ ਦਿਤਾ। ਇਹ ਕਾਲਜ ਰਾਜ ਭਵਨ ਤੋਂ 100 ਮੀਟਰ ਤੋਂ ਵੀ ਘੱਟ ਦੂਰੀ ’ਤੇ ਅਤੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਦੇ ਨਾਲ-ਨਾਲ ਮਨੀਪੁਰ ਪੁਲਿਸ ਹੈੱਡਕੁਆਰਟਰ ਤੋਂ 300 ਮੀਟਰ ਦੀ ਦੂਰੀ ’ਤੇ ਸਥਿਤ ਹੈ। ਉਨ੍ਹਾਂ ਕਿਹਾ ਕਿ ਘਟਨਾ ਵਾਲੀ ਥਾਂ ਤੋਂ ਇਕ ਹੱਥ ਨਾਲ ਲਿਖਿਆ ਨੋਟ ਮਿਲਿਆ ਹੈ ਜਿਸ ’ਤੇ ਲਿਖਿਆ ਸੀ, ਸਵਰਹਾਰਾ ਵਿਦਿਆਰਥੀਆਂ ਦੀ ਜੈ ਹੋਵੇ।’
ਬਾਅਦ ’ਚ ਕਾਲਜ ਦੀਆਂ ਵਿਦਿਆਥਣਾਂ ਨੇ ਘਟਨਾ ਦੇ ਵਿਰੋਧ ’ਚ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਘਟਨਾ ਵਿਰੁਧ ਤਖ਼ਤੀਆਂ ਲੈ ਕੇ ਨਾਅਰੇ ਲਾਏ ਅਤੇ ਮੰਗ ਕੀਤੀ ਕਿ ਅਜਿਹੀਆਂ ਘਟਨਾਵਾਂ ਮੁੜ ਨਾ ਹੋਣ। ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਇੰਫਾਲ ਘਾਟੀ ਦੇ ਕਈ ਵਿਦਿਅਕ ਅਦਾਰਿਆਂ ਨੇ ਜਬਰੀ ਵਸੂਲੀ ਦੀਆਂ ਧਮਕੀਆਂ ਦੀ ਸ਼ਿਕਾਇਤ ਕੀਤੀ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।