
ਪੱਪੂ ਯਾਦਵ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖ ਕੇ ਲਾਰੈਂਸ ਬਿਸ਼ਨੋਈ ਗੈਂਗ ਦੀਆਂ ਧਮਕੀਆਂ ਦੇ ਮੱਦੇਨਜ਼ਰ ਸੁਰੱਖਿਆ ਵਧਾਉਣ ਦੀ ਕੀਤੀ ਮੰਗ
ਪਟਨਾ: ਬਿਹਾਰ ਦੇ ਪੂਰਨੀਆ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਰਾਜੇਸ਼ ਰੰਜਨ ਉਰਫ ਪੱਪੂ ਯਾਦਵ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖ ਕੇ ਲਾਰੈਂਸ ਬਿਸ਼ਨੋਈ ਗੈਂਗ ਦੀਆਂ ਧਮਕੀਆਂ ਦੇ ਮੱਦੇਨਜ਼ਰ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਹੈ।ਪੂਰਨੀਆ ਦੇ ਸੰਸਦ ਮੈਂਬਰ ਨੇ ਸ਼ਾਹ ਨੂੰ ਲਿਖੀ ਅਪਣੀ ਦੋ ਪੰਨਿਆਂ ਦੀ ਚਿੱਠੀ ਮੀਡੀਆ ਨਾਲ ਸਾਂਝੀ ਕੀਤੀ, ਜਿਸ ਦੀਆਂ ਕਾਪੀਆਂ ਬਿਹਾਰ ਦੇ ਮੁੱਖ ਮੰਤਰੀ ਅਤੇ ਸੂਬੇ ਦੇ ਹੋਰ ਉੱਚ ਅਧਿਕਾਰੀਆਂ ਨੂੰ ਭੇਜੀਆਂ ਗਈਆਂ ਹਨ।
ਇਹ ਚਿੱਠੀ ਸੋਮਵਾਰ ਨੂੰ ਉਸ ਸਮੇਂ ਜਨਤਕ ਕੀਤੀ ਗਈ ਜਦੋਂ ਮੀਡੀਆ ਦੇ ਇਕ ਹਿੱਸੇ ਨੇ ਬਿਸ਼ਨੋਈ ਦੇ ਇਕ ਕਥਿਤ ਸਹਿਯੋਗੀ ਵਲੋਂ ਦੁਬਈ ਦੇ ਇਕ ਨੰਬਰ ਤੋਂ ਕੀਤੀ ਗਈ ਕਾਲ ਦੀ ਆਡੀਉ ਕਲਿੱਪ ਪ੍ਰਸਾਰਿਤ ਕੀਤੀ।
ਯਾਦਵ ਨੇ ਬਿਹਾਰ ’ਚ ਸਾਰੇ ਪ੍ਰੋਗਰਾਮਾਂ ’ਚ ਸ਼ਾਮਲ ਹੋਣ ਲਈ ‘ਵਾਈ’ ਸ਼੍ਰੇਣੀ ਦੀ ਸੁਰੱਖਿਆ ਨੂੰ ਅਪਗ੍ਰੇਡ ਕਰਨ ਦੀ ਮੰਗ ਕਰਨ ਤੋਂ ਇਲਾਵਾ ਪੁਲਿਸ ਸੁਰੱਖਿਆ ਦੀ ਵੀ ਮੰਗ ਕੀਤੀ ਹੈ। ਯਾਦਵ ਨੇ ਚੇਤਾਵਨੀ ਦਿਤੀ ਕਿ ਜੇਕਰ ਉਹ ਮਾਰਿਆ ਗਿਆ ਤਾਂ ਇਸ ਲਈ ਕੇਂਦਰ ਸਰਕਾਰ ਅਤੇ ਬਿਹਾਰ ਸਰਕਾਰ ਜ਼ਿੰਮੇਵਾਰ ਹੋਵੇਗੀ।
ਇਸ ਦੌਰਾਨ ਪੂਰਨੀਆ ਦੇ ਪੁਲਿਸ ਸੁਪਰਡੈਂਟ (ਐਸ.ਪੀ.) ਕਾਰਤਿਕੇਯ ਸ਼ਰਮਾ ਨੇ ਕਿਹਾ, ‘‘ਸਾਨੂੰ ਮੀਡੀਆ ਰਾਹੀਂ ਸੰਸਦ ਮੈਂਬਰ ਦੇ ਦੋਸ਼ਾਂ ਬਾਰੇ ਪਤਾ ਲੱਗਿਆ। ਅਸੀਂ ਇਸ ਦੀ ਜਾਂਚ ਕਰ ਰਹੇ ਹਾਂ ਅਤੇ ਇਹ ਵੀ ਯਕੀਨੀ ਬਣਾ ਰਹੇ ਹਾਂ ਕਿ ਉਨ੍ਹਾਂ ਦੀ ਸੁਰੱਖਿਆ ਦੇ ਪ੍ਰਬੰਧ ‘ਵਾਈ ਪਲੱਸ’ ਦੇ ਸੁਰੱਖਿਆ ਕਵਰ ਦੇ ਅਨੁਸਾਰ ਕੀਤੇ ਜਾਣ।’’ਗੈਂਗਸਟਰ ਤੋਂ ਸਿਆਸਤਦਾਨ ਬਣੇ ਯਾਦਵ ਨੇ ਦਾਅਵਾ ਕੀਤਾ ਕਿ ਫੋਨ ਕਰਨ ਵਾਲਾ ਬਿਸ਼ਨੋਈ ਵਿਰੁਧ ਸੋਸ਼ਲ ਮੀਡੀਆ ’ਤੇ ਕੀਤੀ ਗਈ ਟਿਪਣੀ ਤੋਂ ਨਾਰਾਜ਼ ਸੀ। ਬਿਸ਼ਨੋਈ ਗੁਜਰਾਤ ਦੀ ਜੇਲ੍ਹ ’ਚ ਬੰਦ ਹੈ।