
ਪੱਤਰਕਾਰਾਂ ਦਾ ਘਿਰਾਓ ਕਰਦਿਆਂ ਕਿਸਾਨਾਂ ਨੇ ਕੀਤੀ ਨਾਅਰੇਬਾਜ਼ੀ
ਨਵੀਂ ਦਿੱਲੀ : ਦੇਸ਼ ਦੇ ‘ਨੈਸ਼ਨਲ ਮੀਡੀਆ’ ਦੇ ਪੱਖਪਾਤੀ ਰਵੱਈਏ ਖਿਲਾਫ਼ ਆਵਾਜ਼ ਉਠਣੀ ਸ਼ੁਰੂ ਹੋ ਗਈ ਹੈ। ਖ਼ਾਸ ਕਰ ਕੇ ਕਿਸਾਨਾਂ ਦੇ ਦਿੱਲੀ ਕੂਚ ਪ੍ਰੋਗਰਾਮ ਤੋਂ ਬਾਅਦ ਸਰਗਰਮ ਹੋਏ ਵੱਡੇ ਚੈਨਲਾਂ ਦੇ ਰਿਪੋਰਟਾਂ ਨੂੰ ਕਿਸਾਨਾਂ ਦੀ ਨਰਾਜ਼ਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਥਾਈ ਰਾਸ਼ਟਰੀ ਚੈਨਲਾਂ ਦੇ ਪੱਤਰਕਾਰਾਂ ਨਾਲ ਗੱਲਬਾਤ ਤੋਂ ਇਨਕਾਰ ਕਰਦਿਆਂ ਕਿਸਾਨਾਂ ਨੇ ਘਿਰਾਓ ਕਰਦਿਆਂ ਨਾਅਰੇਬਾਜ਼ੀ ਵੀ ਕੀਤੀ ਹੈ।
National Media
ਕਾਬਲੇਗੌਰ ਹੈ ਕਿ ਖੇਤੀ ਆਰਡੀਨੈਂਸ ਜਾਰੀ ਤੋਂ ਸ਼ੁਰੂ ਹੋਏ ਕਿਸਾਨੀ ਸੰਘਰਸ਼ ਨੂੰ ਦੇਸ਼ ਦੇ ਰਾਸ਼ਟਰੀ ਮੀਡੀਆ ਕਹੇ ਜਾਂਦੇ ਵੱਡੇ ਵੱਡੇ ਚੈਨਲਾਂ ਨੇ ਬਹੁਤੀ ਅਹਿਮੀਅਤ ਨਹੀਂ ਦਿਤੀ। ਇੱਥੋਂ ਤਕ ਕਿ ਖੇਤੀ ਆਰਡੀਨੈਂਸਾਂ ਦੇ ਪਾਰਲੀਮੈਂਟ ਵਿਚ ਪੇਸ਼ ਹੋਣ ਤੋਂ ਲੈ ਕੇ ਕਾਨੂੰਨ ਬਣਨ ਤਕ ਕਿਸਾਨਾਂ ਅਤੇ ਹੋਰ ਧਿਰਾਂ ਵਲੋਂ ਉਠਾਈ ਜਾਂਦੀ ਰਹੀ ਆਵਾਜ਼ ਨੂੰ ਵੀ ਰਾਸ਼ਟਰੀ ਮੀਡੀਆ ਨੇ ਪ੍ਰਮੁੱਖਤਾ ਨਹੀਂ ਦਿਤੀ।
National Media, Farmers Protest
ਪਰ ਕਿਸਾਨਾਂ ਦੇ ਦਿੱਲੀ ਕੂਚ ਪ੍ਰੋਗਰਾਮ ਤੋਂ ਬਾਅਦ ਵੱਡੀਆਂ ਰੋਕਾਂ ਨੂੰ ਤੋੜਦਿਆਂ ਕਿਸਾਨਾਂ ਦੇ ਦਿੱਲੀ ਪਹੁੰਚਦੇ ਹੀ ਰਾਸ਼ਟਰੀ ਮੀਡੀਆ ਅਪਣੇ ਲਾਮ-ਲਕਸ਼ਰ ਸਮੇਤ ਕਵਰੇਜ ਲਈ ਪਹੁੰਚ ਗਿਆ ਹੈ। ਕਿਸਾਨੀ ਸੰਘਰਸ਼ ਦੇ ਦੇਸ਼ ਵਿਆਪੀ ਹੋਣ ਬਾਅਦ ਇਸ ਦੀ ਕਵਰੇਜ਼ ਲਈ ਵੱਡੇ ਚੈਨਲਾਂ ਦੀ ਦੌੜ-ਭੱਜ ਹੋਰ ਵੱਧ ਗਈ ਹੈ। ਇਸ ਦੌਰਾਨ ਭਾਵੇਂ ਇਨ੍ਹਾਂ ਨੇ ਕਿਸਾਨਾਂ ਦੇ ਦਿੱਲੀ ਕੂਚ ਪ੍ਰੋਗਰਾਮ ਦੀ ਵੱਡੀ ਕਵਰੇਜ਼ ਕੀਤੀ ਪਰ ਫਿਰ ਵੀ ਉਨ੍ਹਾਂ ਦਾ ਪੱਖਪਾਤੀ ਰਵੱਈਆ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਇਆ।
National Media, Farmers Protest
ਕਈ ਚੈਨਲਾਂ ਵਲੋਂ ਕਰਵਾਈਆਂ ਜਾਂਦੀਆਂ ਬਹਿਸ਼ਾਂ ਦੌਰਾਨ ਵੀ ਕਿਸਾਨਾਂ ਦੇ ਸੰਘਰਸ਼ ਦੇ ਸਹੀ ਤੱਥਾਂ ਨੂੰ ਪ੍ਰਮੁੱਖਤਾ ਦੇਣ ਤੋਂ ਕੰਨੀ ਕਤਰਾਈ ਜਾਂਦੀ ਰਹੀ ਹੈ। ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਰਾਸ਼ਟਰੀ ਮੀਡੀਆਂ ’ਤੇ ਪੱਖਪਾਤ ਦੇ ਦੋਸ਼ ਲੱਗੇ ਹੋਣ। ਕਰੋਨਾ ਕਾਲ ਦੌਰਾਨ ਵੀ ਇਸ ’ਤੇ ਇਕ ਧਿਰ ਨੂੰ ਨਿਸ਼ਾਨਾ ਬਣਾਉਣ ਦੇ ਦੋਸ਼ ਲੱਗੇ ਸਨ, ਜਿਸ ’ਤੇ ਬਾਅਦ ’ਚ ਅਦਾਲਤ ਨੇ ਵੀ ਟਿੱਪਣੀ ਕੀਤੀ ਸੀ।
National Media
ਦਿੱਲੀ ਵਿਖੇ ਪ੍ਰਦਰਸ਼ਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਚੈਨਲਾਂ ਨੂੰ ਕੋਈ ਵੀ ਬਿਆਨ ਜਾਰੀ ਨਹੀਂ ਕਰਨਗੇ। ਕਈ ਚੈਨਲਾਂ ਦੇ ਪੱਤਰਕਾਰਾਂ ਨੂੰ ਗੱਲਬਾਤ ਤੋਂ ਜਵਾਬ ਦਿੰਦਿਆਂ ਇਕੱਠੇ ਹੋਏ ਕਿਸਾਨਾਂ ਵਲੋਂ ‘ਗੋਦੀ ਮੀਡੀਆ’ ਕਹਿੰਦਿਆਂ ਨਾਅਰੇਬਾਜ਼ੀ ਕਰਨ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ।
https://www.facebook.com/watch/?v=854865195280809