ਜਾਮੀਆ ਮਸਜਿਦ ਸੰਗਲਦਾਨ ਦੇ ਇਮਾਮ ਮੁਫਤੀ ਅਬਦੁਲ ਹਮੀਦ (32) ਅਤੇ ਉਹਨਾਂ ਦੇ ਪਿਤਾ ਮੁਫਤੀ ਜਮਾਲ ਦੀਨ (65) ਦੀ ਮੌਕੇ 'ਤੇ ਹੀ ਮੌਤ ਹੋ ਗਈ
ਸ੍ਰੀਨਗਰ: ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਸੋਮਵਾਰ ਨੂੰ ਇਕ ਕਾਰ ਸੜਕ ਤੋਂ ਫਿਸਲ ਕੇ ਖੱਡ ਵਿਚ ਡਿੱਗਣ ਕਾਰਨ ਇਕ ਮਸਜਿਦ ਦੇ ਇਮਾਮ ਅਤੇ ਉਸ ਦੇ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ ਹੈ।
ਉਹਨਾਂ ਨੇ ਦੱਸਿਆ ਕਿ ਇਹ ਹਾਦਸਾ ਸੋਮਵਾਰ ਸਵੇਰੇ 8.30 ਵਜੇ ਊਧਮਪੁਰ ਜ਼ਿਲ੍ਹੇ ਦੇ ਚੇਨਾਨੀ ਇਲਾਕੇ 'ਚ ਪ੍ਰੇਮ ਮੰਦਰ ਨੇੜੇ ਵਾਪਰਿਆ ਜਦੋਂ ਪਰਿਵਾਰ ਜੰਮੂ ਤੋਂ ਰਾਮਬਨ ਜ਼ਿਲ੍ਹੇ ਦੇ ਇਕ ਪਿੰਡ ਜਾ ਰਿਹਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ਉਹਨਾਂ ਉਸ ਦੀ ਕਾਰ ਸੜਕ ਤੋਂ ਫਿਸਲ ਗਈ ਅਤੇ 700 ਫੁੱਟ ਡੂੰਘੀ ਖੱਡ 'ਚ ਜਾ ਡਿੱਗੀ।
ਜਾਮੀਆ ਮਸਜਿਦ ਸੰਗਲਦਾਨ ਦੇ ਇਮਾਮ ਮੁਫਤੀ ਅਬਦੁਲ ਹਮੀਦ (32) ਅਤੇ ਉਹਨਾਂ ਦੇ ਪਿਤਾ ਮੁਫਤੀ ਜਮਾਲ ਦੀਨ (65) ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਹਨਾਂ ਦੀ ਮਾਂ ਹਾਜਰਾ ਬੇਗਮ (60) ਅਤੇ ਭਤੀਜੇ ਆਦਿਲ ਗੁਲਜ਼ਾਰ (16) ਨੂੰ ਊਧਮਪੁਰ ਜ਼ਿਲ੍ਹੇ ਦੇ ਇਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਦੋਵੇਂ ਜ਼ਖਮੀਆਂ ਨੇ ਵੀ ਦਮ ਤੋੜ ਦਿੱਤਾ। ਚਾਰਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।