
ਇੱਕ ਹੋਰ ਦੋਸ਼ੀ ਨੂੰ 5 ਸਾਲ ਦੀ ਕੈਦ ਵੀ ਸੁਣਾਈ
ਨਵੀਂ ਦਿੱਲੀ - ਦਿੱਲੀ ਦੀ ਇੱਕ ਅਦਾਲਤ ਨੇ ਸੋਮਵਾਰ ਨੂੰ ਜੈਸ਼-ਏ-ਮੁਹੰਮਦ ਦੇ ਪੰਜ ਅੱਤਵਾਦੀਆਂ ਨੂੰ ਦੇਸ਼ ਭਰ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਨੌਜਵਾਨਾਂ ਦੀ ਭਰਤੀ ਅਤੇ ਸਿਖਲਾਈ ਦੇਣ ਦਾ ਦੋਸ਼ੀ ਠਹਿਰਾਉਂਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਵਿਸ਼ੇਸ਼ ਜੱਜ ਸ਼ੈਲੇਂਦਰ ਮਲਿਕ ਨੇ ਸੱਜਾਦ ਅਹਿਮਦ ਖਾਨ, ਬਿਲਾਲ ਅਹਿਮਦ ਮੀਰ, ਮੁਜ਼ੱਫਰ ਅਹਿਮਦ ਭੱਟ, ਇਸ਼ਫਾਕ ਅਹਿਮਦ ਭੱਟ ਅਤੇ ਮਹਿਰਾਜੂਦੀਨ ਨੂੰ ਸਜ਼ਾ ਸੁਣਾਈ। ਜੱਜ ਨੇ ਇਸ ਮਾਮਲੇ ਵਿੱਚ ਇੱਕ ਹੋਰ ਦੋਸ਼ੀ ਤਨਵੀਰ ਅਹਿਮਦ ਗਨੀ ਨੂੰ ਵੀ ਪੰਜ ਸਾਲ ਦੀ ਸਜ਼ਾ ਸੁਣਾਈ ਹੈ।
ਅਦਾਲਤ ਨੇ ਕਿਹਾ ਕਿ ਸਾਰੇ ਦੋਸ਼ੀਆਂ ਨੇ ਮਿਲ ਕੇ ਭਾਰਤ ਵਿਰੁੱਧ ਜੰਗ ਛੇੜਨ ਦੀ ਸਾਜ਼ਿਸ਼ ਰਚੀ ਸੀ। ਕਿਹਾ ਗਿਆ ਹੈ ਕਿ ਦੋਸ਼ੀ ਨਾ ਸਿਰਫ ਜੈਸ਼ ਦੇ ਮੈਂਬਰ ਸਨ ਬਲਕਿ ਉਨ੍ਹਾਂ ਨੂੰ ਹਥਿਆਰ, ਗੋਲਾ ਬਾਰੂਦ ਅਤੇ ਰਸਦ ਮੁਹੱਈਆ ਕਰਵਾ ਕੇ ਅੱਤਵਾਦੀਆਂ ਦਾ ਸਹਿਯੋਗ ਵੀ ਕਰਦੇ ਸਨ।
ਜੱਜ ਨੇ ਕਿਹਾ, ''ਮੁਲਜ਼ਮ ਜੰਮੂ-ਕਸ਼ਮੀਰ ਦੇ ਸਥਾਨਕ ਲੋਕਾਂ ਨੂੰ ਅੱਤਵਾਦ 'ਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਨ ਅਤੇ ਅੱਤਵਾਦੀ ਕਾਰਵਾਈਆਂ ਨੂੰ ਅੰਜਾਮ ਦੇਣ ਲਈ ਫ਼ੰਡਾਂ ਦਾ ਪ੍ਰਬੰਧ ਕਰਨ 'ਚ ਵੀ ਸ਼ਾਮਲ ਸਨ।''
ਕੇਂਦਰੀ ਜਾਂਚ ਏਜੰਸੀ ਨੇ ਮਾਰਚ 2019 'ਚ ਇਸ ਮਾਮਲੇ ਸਬੰਧੀ ਐੱਫ.ਆਈ.ਆਰ. ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ।