
ਅੱਠ ਭਾਰਤੀ ਨਾਗਰਿਕਾਂ ਦੀ ਮੌਤ ਦੀ ਸਜ਼ਾ ਨੂੰ ਘਟਾਇਆ
8 ex-Indian Navy officers- ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਕਤਰ ਦੀ ਇਕ ਅਦਾਲਤ ਨੇ ਕਥਿਤ ਜਾਸੂਸੀ ਮਾਮਲੇ ਵਿਚ ਭਾਰਤੀ ਜਲ ਸੈਨਾ ਦੇ ਅੱਠ ਸਾਬਕਾ ਕਰਮਚਾਰੀਆਂ ਨੂੰ ਸੁਣਾਈ ਗਈ ਮੌਤ ਦੀ ਸਜ਼ਾ ਨੂੰ ਬਦਲ ਦਿੱਤਾ ਹੈ। ਮੰਤਰਾਲੇ ਨੇ ਇੱਕ ਬਿਆਨ ਵਿਚ ਕਿਹਾ ਕਿ "ਅਸੀਂ 'ਦਹਾਰਾ ਗਲੋਬਲ' ਕੇਸ ਵਿਚ ਕਤਰ ਦੀ ਅਪੀਲ ਦੀ ਅਦਾਲਤ ਦੇ ਅੱਜ ਦੇ ਫੈਸਲੇ ਨੂੰ ਨੋਟ ਕਰਦੇ ਹਾਂ, ਜਿਸ ਵਿਚ ਸਜ਼ਾ ਨੂੰ ਘਟਾ ਦਿੱਤਾ ਗਿਆ ਹੈ।"
ਅੱਠ ਸਾਬਕਾ ਜਲ ਸੈਨਾ ਕਰਮਚਾਰੀਆਂ ਨੂੰ ਜਾਸੂਸੀ ਦੇ ਦੋਸ਼ਾਂ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਅਕਤੂਬਰ ਵਿਚ ਕਤਰ ਦੀ ਇੱਕ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਸੀ। ਸਾਰੇ ਭਾਰਤੀ ਨਾਗਰਿਕ ਦੋਹਾ ਸਥਿਤ 'ਦਹਾਰਾ ਗਲੋਬਲ' ਕੰਪਨੀ ਦੇ ਕਰਮਚਾਰੀ ਸਨ ਅਤੇ ਉਨ੍ਹਾਂ ਨੂੰ ਅਗਸਤ 2022 ਵਿਚ ਹਿਰਾਸਤ ਵਿਚ ਲਿਆ ਗਿਆ ਸੀ। ਉਹਨਾਂ 'ਤੇ ਲੱਗੇ ਦੋਸ਼ ਕਤਰ ਦੇ ਅਧਿਕਾਰੀਆਂ ਨੇ ਜਨਤਕ ਨਹੀਂ ਕੀਤੇ ਸਨ।
ਪਿਛਲੇ ਮਹੀਨੇ ਭਾਰਤ ਨੇ ਇਸ ਸਜ਼ਾ ਵਿਰੁੱਧ ਕਤਰ ਦੀ ਅਪੀਲੀ ਅਦਾਲਤ ਤੱਕ ਪਹੁੰਚ ਕੀਤੀ ਸੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ "ਕਤਰ ਵਿਚ ਸਾਡੇ ਰਾਜਦੂਤ ਅਤੇ ਹੋਰ ਅਧਿਕਾਰੀ ਪਰਿਵਾਰ ਦੇ ਮੈਂਬਰਾਂ ਨਾਲ ਅੱਜ ਅਪੀਲੀ ਅਦਾਲਤ ਵਿਚ ਮੌਜੂਦ ਸਨ। ਅਸੀਂ ਕੇਸ ਦੀ ਸ਼ੁਰੂਆਤ ਤੋਂ ਹੀ ਉਨ੍ਹਾਂ ਦੇ ਨਾਲ ਖੜ੍ਹੇ ਹਾਂ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਕੌਂਸਲਰ ਅਤੇ ਕਾਨੂੰਨੀ ਸਹਾਇਤਾ ਪ੍ਰਦਾਨ ਕਰਨਾ ਜਾਰੀ ਰੱਖਾਂਗੇ।" ਅਸੀਂ ਇਸ ਮਾਮਲੇ ਨੂੰ ਕਤਰ ਦੇ ਅਧਿਕਾਰੀਆਂ ਕੋਲ ਵੀ ਉਠਾਉਣਾ ਜਾਰੀ ਰੱਖਾਂਗੇ।”
ਮੰਤਰਾਲੇ ਨੇ ਕਿਹਾ ਕਿ ਵਿਸਤ੍ਰਿਤ ਫ਼ੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ ਅਤੇ ਉਹ ਅਗਲੇ ਕਦਮ 'ਤੇ ਫ਼ੈਸਲਾ ਕਰਨ ਲਈ ਕਾਨੂੰਨੀ ਟੀਮ ਦੇ ਨਾਲ-ਨਾਲ ਪਰਿਵਾਰਕ ਮੈਂਬਰਾਂ ਦੇ ਸੰਪਰਕ ਵਿਚ ਹੈ। ਇਸ ਵਿਚ ਕਿਹਾ ਗਿਆ ਹੈ ਕਿ "ਇਸ ਮਾਮਲੇ ਵਿਚ ਕਾਰਵਾਈ ਦੀ ਗੁਪਤ ਅਤੇ ਸੰਵੇਦਨਸ਼ੀਲ ਪ੍ਰਕਿਰਤੀ ਦੇ ਕਾਰਨ, ਇਸ ਸਮੇਂ ਕੋਈ ਹੋਰ ਟਿੱਪਣੀ ਕਰਨਾ ਉਚਿਤ ਨਹੀਂ ਹੋਵੇਗਾ।"