
ਬੀਤੇ ਦਿਨੀ ਪਾਕਿਸਤਾਨ ਦੇ ਖੇਤਰ ਵਿਚ ਡਿੱਗੀ ਭਾਰਤ ਦੀ ਮਿਜ਼ਾਈਲ ਵਾਲੇ ਮੁੱਦੇ 'ਤੇ ਲੋਕ ਸਭਾ ਵਿਚ ਦਿਤਾ ਬਿਆਨ
ਨਵੀਂ ਦਿੱਲੀ : ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਕਾਂਗਰਸ ਦੇ ਆਗੂ ਮਨੀਸ਼ ਤਿਵਾੜੀ ਨੇ ਮੰਗਲਵਾਰ ਨੂੰ ਲੋਕ ਸਭਾ ਵਿਚ ਪਾਕਿਸਤਾਨੀ ਖੇਤਰ 'ਚ ਭਾਰਤੀ ਮਿਜ਼ਾਈਲ ਦੇ ਅਚਾਨਕ ਡਿੱਗਣ ਦਾ ਮੁੱਦਾ ਚੁੱਕਿਆ ਅਤੇ ਕਿਹਾ ਕਿ ਪ੍ਰਮਾਣੂ ਮੁੱਦਿਆਂ 'ਤੇ ਪਾਕਿਸਤਾਨ ਨਾਲ ਗੱਲਬਾਤ ਹੋਣੀ ਚਾਹੀਦੀ ਹੈ। ਪੰਜਾਬ ਦੇ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਤਿਵਾੜੀ ਨੇ ਸਿਫ਼ਰ ਕਾਲ ਦੌਰਾਨ ਇਹ ਮੁੱਦਾ ਸਦਨ ਵਿੱਚ ਚੁੱਕਿਆ।
Manish Tewari
ਉਨ੍ਹਾਂ ਕਿਹਾ ਕਿ ਅਜਿਹੇ ਤੱਥ ਵੀ ਸਾਹਮਣੇ ਆਏ ਹਨ ਕਿ ਜਦੋਂ ਮਿਜ਼ਾਈਲ ਪਾਕਿਸਤਾਨੀ ਖੇਤਰ ਵਿੱਚ ਡਿੱਗੀ ਤਾਂ ਪਾਕਿਸਤਾਨ ਜਵਾਬੀ ਕਾਰਵਾਈ ਦੀ ਤਿਆਰੀ ਕਰ ਰਿਹਾ ਸੀ। ਤਿਵਾੜੀ ਨੇ ਕਿਹਾ, ''ਇਸ ਮਿਜ਼ਾਈਲ ਦੀ ਰੇਂਜ ਦੇ ਅੰਦਰ ਕਈ ਨਾਗਰਿਕ ਜਹਾਜ਼ ਸਨ ਅਤੇ ਕੋਈ ਵੀ ਅਣਸੁਖਾਵੀਂ ਘਟਨਾ ਵਾਪਰ ਸਕਦੀ ਸੀ। ਅਸੀਂ ਉਸ ਦਿਨ ਖੁਸ਼ਕਿਸਮਤ ਸੀ।"
Manish Tiwari
ਲੋਕ ਸਭਾ ਮੈਂਬਰ ਨੇ ਕਿਹਾ ਕਿ ਇਹ ਘਟਨਾ ਇਸ ਗੱਲ ਦਾ ਠੋਸ ਆਧਾਰ ਦਿੰਦੀ ਹੈ ਕਿ ਪਰਮਾਣੂ ਮੁੱਦਿਆਂ 'ਤੇ ਪਾਕਿਸਤਾਨ ਨਾਲ ਸੰਸਥਾਗਤ ਗੱਲਬਾਤ ਹੋਣੀ ਚਾਹੀਦੀ ਹੈ। ਤਿਵਾੜੀ ਦੇ ਅਨੁਸਾਰ, ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 15 ਮਾਰਚ ਨੂੰ ਸੰਸਦ ਵਿੱਚ ਇਸ ਮੁੱਦੇ 'ਤੇ ਇੱਕ ਬਿਆਨ ਦਿੱਤਾ ਅਤੇ ਦੱਸਿਆ ਕਿ ਘਟਨਾ ਦੇ ਸਬੰਧ ਵਿੱਚ ਕੋਰਟ ਆਫ ਇਨਕੁਆਰੀ ਦੇ ਹੁਕਮ ਦਿੱਤੇ ਗਏ ਹਨ।
Rajnath Singh
ਰੱਖਿਆ ਮੰਤਰਾਲੇ ਮੁਤਾਬਕ ਮਿਜ਼ਾਈਲ ਯੂਨਿਟ ਦੇ ਰੂਟੀਨ ਰੱਖ-ਰਖਾਅ ਅਤੇ ਨਿਰੀਖਣ ਦੌਰਾਨ 9 ਮਾਰਚ ਦੀ ਸ਼ਾਮ ਕਰੀਬ 7 ਵਜੇ ਇਕ ਮਿਜ਼ਾਈਲ ਗਲਤੀ ਨਾਲ ਦਾਗੀ ਗਈ ਸੀ। ਮੰਤਰਾਲੇ ਨੇ ਕਿਹਾ ਕਿ ਪਾਕਿਸਤਾਨ ਦੇ ਇੱਕ ਖੇਤਰ ਵਿੱਚ ਮਿਜ਼ਾਈਲ ਦੇ ਉਤਰਨ ਦੀ ਸੂਚਨਾ ਮਿਲੀ ਹੈ। ਰਾਜਨਾਥ ਸਿੰਘ ਨੇ 15 ਮਾਰਚ ਨੂੰ ਲੋਕ ਸਭਾ ਵਿੱਚ ਕਿਹਾ ਸੀ, "ਹਾਲਾਂਕਿ ਘਟਨਾ ਲਈ ਅਫ਼ਸੋਸ ਹੈ, ਪਰ ਸਾਨੂੰ ਇਸ ਗੱਲ ਤੋਂ ਰਾਹਤ ਮਿਲੀ ਹੈ ਕਿ ਹਾਦਸੇ ਵਿੱਚ ਕਿਸੇ ਨੂੰ ਸੱਟ ਨਹੀਂ ਲੱਗੀ।"