
ਆਰਚਬਿਸ਼ਪ ਥਾਮਸ ਜੇ. ਨੇਟੋ ਨੇ ਕਿਹਾ ਕਿ ਈਸਾਈਆਂ ਨੂੰ ‘ਸਮਾਜ ਵਿਰੋਧੀ ਤਾਕਤਾਂ ਦੇ ਹੱਥੋਂ ਬੇਰਹਿਮੀ ਅਤੇ ਹਿੰਸਾ’ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ
ਤਿਰੂਵਨੰਤਪੁਰਮ: ਕੇਰਲ ਦੀ ਰਾਜਧਾਨੀ ਤਿਰੂਵਨੰਤਪੁਰਮ ’ਚ ਲਾਤੀਨੀ ਕੈਥੋਲਿਕ ਮੈਟਰੋਪੋਲੀਟਨ ਦੇ ਆਰਚਬਿਸ਼ਪ ਥਾਮਸ ਜੇ. ਨੇਟੋ ਨੇ ਸੇਂਟ ਜੋਸਫ ਮੈਟਰੋਪੋਲੀਟਨ ਚਰਚ ’ਚ ਗੁੱਡ ਫ੍ਰਾਈਡੇ ਦੀ ਵਿਸ਼ੇਸ਼ ਪ੍ਰਾਰਥਨਾ ਦੌਰਾਨ ਮਨੀਪੁਰ ਅਤੇ ਭਾਰਤ ਦੇ ਹੋਰ ਹਿੱਸਿਆਂ ’ਚ ਈਸਾਈਆਂ ਵਿਰੁਧ ਹਿੰਸਾ ਦਾ ਮੁੱਦਾ ਚੁਕਿਆ।
ਨੇਟੋ ਨੇ ਕਿਹਾ ਕਿ ਈਸਾਈਆਂ ਨੂੰ ‘ਸਮਾਜ ਵਿਰੋਧੀ ਤਾਕਤਾਂ ਦੇ ਹੱਥੋਂ ਬੇਰਹਿਮੀ ਅਤੇ ਹਿੰਸਾ’ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ, ਖ਼ਾਸਕਰ ਮਨੀਪੁਰ ਅਤੇ ਉੱਤਰੀ ਭਾਰਤ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ। ਉਸ ਨੇ ਦੋਸ਼ ਲਾਇਆ ਕਿ ਅਧਿਕਾਰੀਆਂ ਨੇ ਅਸਰਦਾਰ ਢੰਗ ਨਾਲ ਦਖਲ ਨਹੀਂ ਦਿਤਾ ਹੈ। ਉਨ੍ਹਾਂ ਕਿਹਾ, ‘‘ਅਜਿਹੀਆਂ ਬੁਰੀਆਂ ਤਾਕਤਾਂ ਵਿਰੁਧ ਕਦਮ ਚੁੱਕਣ ਦੀ ਲੋੜ ਹੈ।’’ ਕੇਰਲ ’ਚ ਈਸਾਈਆਂ ਨੇ ਰਵਾਇਤੀ ਵਿਸ਼ਵਾਸਾਂ ਅਤੇ ਰਸਮਾਂ ਅਨੁਸਾਰ ਅਤੇ ਗਿਰਜਾਘਰਾਂ ’ਚ ਵਿਸ਼ੇਸ਼ ਪ੍ਰਾਰਥਨਾਵਾਂ ’ਚ ਸ਼ਾਮਲ ਹੋ ਕੇ ‘ਗੁੱਡ ਫ੍ਰਾਈਡੇ’ ਮਨਾਇਆ।
ਕੇਰਲ ਦੇ ਰਾਜਪਾਲ ਆਰਿਫ ਮੁਹੰਮਦ ਖਾਨ ਨੇ ਇਸ ਮੌਕੇ ’ਤੇ ਇਕ ਸੰਦੇਸ਼ ’ਚ ਕਿਹਾ ਕਿ ਯਿਸੂ ਮਸੀਹ ਨੂੰ ਸਲੀਬ ’ਤੇ ਚੜ੍ਹਾਉਣਾ ਮਨੁੱਖਤਾ ਦੇ ਪਾਪਾਂ ਲਈ ਕੁਰਬਾਨੀ ਦੀ ਸੱਚੀ ਭਾਵਨਾ ਨਾਲ ਪ੍ਰਾਸ਼ਚਿਤ ਕਰਨ ਦਾ ਕੰਮ ਹੈ।
ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਯਾਦ ਕੀਤਾ ਕਿ ਯਿਸੂ ਮਸੀਹ ਨੇ ਦੁਨੀਆਂ ਨੂੰ ਸੋਸ਼ਣ ਅਤੇ ਜ਼ੁਲਮ ਤੋਂ ਮੁਕਤ ਕਰਨ ਲਈ ਅਪਣੀ ਜਾਨ ਕੁਰਬਾਨ ਕਰ ਦਿਤੀ ਅਤੇ ਇਹ ਹਰ ਜਗ੍ਹਾ ਲੋਕਾਂ ਨੂੰ ਪਿਆਰ ਅਤੇ ਏਕਤਾ ਨਾਲ ਚੁਨੌਤੀਆਂ ਦਾ ਸਾਹਮਣਾ ਕਰਨ ਲਈ ਪ੍ਰੇਰਿਤ ਕਰਦਾ ਹੈ। ਵਿਜਯਨ ਨੇ ਅਪਣੇ ਸੰਦੇਸ਼ ’ਚ ਸਾਰਿਆਂ ਨੂੰ ਬਿਹਤਰ ਕੱਲ੍ਹ ਲਈ ਇਕਜੁੱਟ ਹੋ ਕੇ ਲੜਨ ਦਾ ਸੱਦਾ ਦਿਤਾ, ਜਿੱਥੇ ਬਰਾਬਰੀ ਅਤੇ ਭਾਈਚਾਰਾ ਹੋਵੇ।
2000 ਸਾਲ ਪਹਿਲਾਂ ਯਿਸੂ ਮਸੀਹ ਵਲੋਂ ਸਹਿਣ ਕੀਤੇ ਗਏ ਦੁੱਖਾਂ ਨੂੰ ਯਾਦ ਕਰਨ ਲਈ ਵੱਡੀ ਗਿਣਤੀ ’ਚ ਸ਼ਰਧਾਲੂ ਸਵੇਰ ਤੋਂ ਹੀ ਗਿਰਜਾਘਰਾਂ ’ਚ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਤਿਰੂਵਨੰਤਪੁਰਮ ’ਚ ਲਾਤੀਨੀ ਆਰਕਡਾਇਓਸਿਸ ਸਮੇਤ ਵੱਖ-ਵੱਖ ਗਿਰਜਾਘਰਾਂ ਦੀ ਸਰਪ੍ਰਸਤੀ ’ਚ ‘ਵੇਅ ਆਫ ਕਰਾਸ’ ਜਲੂਸ ਦੇ ਹਿੱਸੇ ਵਜੋਂ ਸੈਂਕੜੇ ਲੋਕਾਂ ਨੇ ਯਿਸੂ ਮਸੀਹ ਦੇ ਆਖਰੀ ਪਲਾਂ ਦੀ ਯਾਦ ’ਚ ਲੱਕੜ ਦੇ ਕਰਾਸ ਲੈ ਕੇ ਗਏ। ਏਰਨਾਕੁਲਮ ਜ਼ਿਲ੍ਹੇ ’ਚ ਮਲਿਆਥੂਰ ਪਹਾੜੀਆਂ ’ਤੇ ਸਥਿਤ ਪ੍ਰਸਿੱਧ ਸੇਂਟ ਥਾਮਸ ਚਰਚ ’ਚ ਵੱਡੀ ਗਿਣਤੀ ’ਚ ਸ਼ਰਧਾਲੂ ਇਕੱਠੇ ਹੋਏ।
ਗੁੱਡ ਫ੍ਰਾਈਡੇ ਈਸਾਈਆਂ ਲਈ ਇਕ ਪਵਿੱਤਰ ਦਿਨ ਹੈ। ਇਹ ਮੰਨਿਆ ਜਾਂਦਾ ਹੈ ਕਿ ਇਸ ਦਿਨ ਯਿਸੂ ਮਸੀਹ ਨੂੰ ਸਲੀਬ ’ਤੇ ਚੜ੍ਹਾਇਆ ਗਿਆ ਸੀ। ਇਸ ਦਿਨ ਨੂੰ ਹੋਲੀ ਫ੍ਰਾਈਡੇ, ਗ੍ਰੇਟ ਫ੍ਰਾਈਡੇ, ਬਲੈਕ ਫ੍ਰਾਈਡੇ ਅਤੇ ਈਸਟਰ ਫ੍ਰਾਈਡੇ ਵੀ ਕਿਹਾ ਜਾਂਦਾ ਹੈ।
ਮੋਦੀ ਸਰਕਾਰ ’ਚ ਧਾਰਮਕ ਘੱਟ ਗਿਣਤੀਆਂ ਨੂੰ ਕੋਈ ਖ਼ਤਰਾ ਨਹੀਂ : ਮੁਰਲੀਧਰਨ
ਤਿਰੂਵਨੰਤਪੁਰਮ: ਦੇਸ਼ ’ਚ ਈਸਾਈਆਂ ਵਿਰੁਧ ਹਿੰਸਾ ਦੇ ਮਾਮਲਿਆਂ ’ਚ ਸਰਕਾਰ ਦੇ ਢੁਕਵੇਂ ਦਖਲ ਦੀ ਘਾਟ ਨੂੰ ਲੈ ਕੇ ‘ਲਾਤੀਨੀ ਕੈਥੋਲਿਕ ਆਰਕਡਾਇਓਸਿਸ’ ਵਲੋਂ ਕੀਤੀ ਆਲੋਚਨਾ ’ਤੇ ਕੇਂਦਰੀ ਮੰਤਰੀ ਵੀ. ਮੁਰਲੀਧਰਨ ਨੇ ਸ਼ੁਕਰਵਾਰ ਨੂੰ ਕਿਹਾ ਕਿ ਦੇਸ਼ ’ਚ ਧਾਰਮਕ ਘੱਟ ਗਿਣਤੀਆਂ ਨੂੰ ਕੋਈ ਖਤਰਾ ਨਹੀਂ ਹੈ।
ਵਿਦੇਸ਼ ਰਾਜ ਮੰਤਰੀ ਮੁਰਲੀਧਰਨ ਅਟਿੰਗਲ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਰਾਸ਼ਟਰੀ ਲੋਕਤੰਤਰੀ ਗੱਠਜੋੜ (ਐਨ.ਡੀ.ਏ.) ਦੇ ਉਮੀਦਵਾਰ ਵੀ ਹਨ। ਮੁਰਲੀਧਰਨ ਨੇ ਕਿਹਾ ਕਿ ਉਨ੍ਹਾਂ ਨੇ ਚਰਚ ਦੇ ਸੀਨੀਅਰ ਪਾਦਰੀਆਂ ਨਾਲ ਵਿਆਪਕ ਗੱਲਬਾਤ ਕੀਤੀ ਪਰ ਕਦੇ ਮਹਿਸੂਸ ਨਹੀਂ ਕੀਤਾ ਕਿ ਉਹ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਦੇਸ਼ ਵਿਚ ਈਸਾਈ ਸੁਰੱਖਿਅਤ ਨਹੀਂ।
ਲੋਕ ਸਭਾ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਨਿਸ਼ਾਨਾ ਬਣਾਉਣ ਲਈ ਕਾਂਗਰਸ ਅਤੇ ਖੱਬੇਪੱਖੀ ਪਾਰਟੀਆਂ ਵਲੋਂ ਦੇਸ਼ ’ਚ ਈਸਾਈਆਂ ਵਿਰੁਧ ਹਿੰਸਾ ਦੀ ਵਰਤੋਂ ਕੀਤੀ ਜਾ ਰਹੀ ਹੈ। ਭਾਜਪਾ ਕੇਰਲ ’ਚ ਖਾਤਾ ਖੋਲ੍ਹਣ ਲਈ ਈਸਾਈ ਭਾਈਚਾਰੇ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਭਾਜਪਾ ਆਗੂ ਨੇ ਇਹ ਵੀ ਦਾਅਵਾ ਕੀਤਾ ਕਿ ਸੀਨੀਅਰ ਪੁਜਾਰੀਆਂ ਨੇ ਵੀ ਕਿਹਾ ਹੈ ਕਿ ਹਿੰਸਾ ਦੀਆਂ ਘਟਨਾਵਾਂ ਧਾਰਮਕ ਮੁੱਦਾ ਨਹੀਂ, ਬਲਕਿ ਨਸਲੀ ਮੁੱਦਾ ਹੈ। ਉਹ ਇੱਥੇ ਭਾਜਪਾ ਦਫ਼ਤਰ ਵਿਖੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦੇ ਰਹੇ ਸਨ, ਜਿੱਥੇ ਇਹ ਐਲਾਨ ਕੀਤਾ ਗਿਆ ਸੀ ਕਿ ਉਹ ਸਨਿਚਰਵਾਰ ਨੂੰ ਅਪਣਾ ਨਾਮਜ਼ਦਗੀ ਪੱਤਰ ਦਾਖਲ ਕਰਨਗੇ।
ਇਹ ਵੀ ਐਲਾਨ ਕੀਤਾ ਗਿਆ ਸੀ ਕਿ ਰੂਸ ਨਾਲ ਜੰਗ ਸ਼ੁਰੂ ਹੋਣ ਤੋਂ ਬਾਅਦ ਯੂਕਰੇਨ ਤੋਂ ਬਚਾਏ ਗਏ ਵਿਦਿਆਰਥੀਆਂ ਵਲੋਂ ਦਾਖਲੇ ਦੇ ਨਾਲ ਜਮ੍ਹਾਂ ਕਰਵਾਈ ਜਾਣ ਵਾਲੀ 25,000 ਰੁਪਏ ਦੀ ਰਕਮ ਪ੍ਰਦਾਨ ਕੀਤੀ ਗਈ ਹੈ। ਇਸ ਐਲਾਨ ਤੋਂ ਬਾਅਦ ਪੱਤਰਕਾਰਾਂ ਨੇ ਦਸਿਆ ਕਿ ਲਾਤੀਨੀ ਕੈਥੋਲਿਕ ਮੈਟਰੋਪੋਲੀਟਨ ਆਰਚਬਿਸ਼ਪ ਥਾਮਸ ਜੇ ਨਾਟੋ ਨੇ ਅੱਜ ਸਵੇਰੇ ਕਿਹਾ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ, ਖਾਸ ਕਰ ਕੇ ਮਨੀਪੁਰ ਅਤੇ ਉੱਤਰੀ ਭਾਰਤ ਵਿਚ ਈਸਾਈਆਂ ਨੂੰ ਬੁਰੀਆਂ ਤਾਕਤਾਂ ਵਲੋਂ ਬੇਰਹਿਮੀ ਅਤੇ ਹਿੰਸਾ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਅਤੇ ਦੋਸ਼ ਲਾਇਆ ਕਿ ਸਰਕਾਰੀ ਅਧਿਕਾਰੀਆਂ ਨੇ ਇਸ ਵਿਰੁਧ ਕੋਈ ਪ੍ਰਭਾਵਸ਼ਾਲੀ ਦਖਲਅੰਦਾਜ਼ੀ ਨਹੀਂ ਕੀਤੀ। ਮੁਰਲੀਧਰਨ ਨੇ ਕਿਹਾ ਕਿ ਉਹ ਆਰਚਬਿਸ਼ਪ ਦਾ ਬਿਆਨ ਸੁਣੇ ਬਿਨਾਂ ਇਸ ’ਤੇ ਟਿਪਣੀ ਨਹੀਂ ਕਰ ਸਕਦੇ।