
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ 'ਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਉਨ੍ਹਾਂ ਦੇ ਘਰ ਉਨ੍ਹਾਂ ਨੂੰ 'ਭਾਰਤ ਰਤਨ' ਪ੍ਰਦਾਨ ਕਰਨਗੇ।
lal krishna advani: ਨਵੀਂ ਦਿੱਲੀ - ਰਾਸ਼ਟਰਪਤੀ ਦ੍ਰੋਪਦੀ ਮੁਰਮੂ ਸਾਬਕਾ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਦੀ ਰਿਹਾਇਸ਼ 'ਤੇ ਜਾਣਗੇ ਅਤੇ ਉਨ੍ਹਾਂ ਨੂੰ 'ਭਾਰਤ ਰਤਨ' ਨਾਲ ਸਨਮਾਨਿਤ ਕਰਨਗੇ। ਇਹ ਫ਼ੈਸਲਾ ਸੀਨੀਅਰ ਭਾਜਪਾ ਆਗੂ ਦੀ ਸਿਹਤ ਨੂੰ ਦੇਖਦੇ ਹੋਏ ਲਿਆ ਗਿਆ ਹੈ। ਲਾਲ ਕ੍ਰਿਸ਼ਨ ਅਡਵਾਨੀ ਪਿਛਲੇ ਕਈ ਮਹੀਨਿਆਂ ਤੋਂ ਕਿਸੇ ਵੀ ਜਨਤਕ ਜਾਂ ਨਿੱਜੀ ਪ੍ਰੋਗਰਾਮ ਵਿਚ ਨਜ਼ਰ ਨਹੀਂ ਆਏ। ਇੱਥੋਂ ਤੱਕ ਕਿ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਗਮ ਲਈ ਵੀ ਉਹ ਸਿਹਤ ਕਾਰਨਾਂ ਕਰਕੇ ਅਯੁੱਧਿਆ ਨਹੀਂ ਜਾ ਸਕੇ। ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ 'ਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਉਨ੍ਹਾਂ ਦੇ ਘਰ ਉਨ੍ਹਾਂ ਨੂੰ 'ਭਾਰਤ ਰਤਨ' ਪ੍ਰਦਾਨ ਕਰਨਗੇ।
ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਵੀ ਉੱਥੇ ਮੌਜੂਦ ਰਹਿਣਗੇ। ਇਸ ਲਈ ਐਤਵਾਰ (31 ਮਾਰਚ, 2024) ਦੀ ਤਰੀਕ ਤੈਅ ਕੀਤੀ ਗਈ ਹੈ। ਲਾਲ ਕ੍ਰਿਸ਼ਨ ਅਡਵਾਨੀ ਸਿਰਫ਼ 14 ਸਾਲ ਦੀ ਉਮਰ ਵਿਚ 1941 ਵਿਚ ਆਰਐਸਐਸ (ਰਾਸ਼ਟਰੀ ਸਵੈਮ ਸੇਵਕ ਸੰਘ) ਵਿਚ ਸ਼ਾਮਲ ਹੋਏ ਸਨ। 1951 ਵਿਚ, ਜਨਸੰਘ ਨੇ ਉਨ੍ਹਾਂ ਨੂੰ ਰਾਜਸਥਾਨ ਵਿਚ ਸੰਗਠਨ ਦੀ ਜ਼ਿੰਮੇਵਾਰੀ ਸੌਂਪੀ ਅਤੇ ਉਹਨਾਂ ਨੇ 6 ਸਾਲ ਘੁੰਮ ਕੇ ਲੋਕਾਂ ਨਾਲ ਗੱਲਬਾਤ ਕੀਤੀ। 1967 ਵਿਚ, ਉਹ ਦਿੱਲੀ ਮਿਉਂਸਪਲ ਕੌਂਸਲ ਦੇ ਪ੍ਰਧਾਨ ਚੁਣੇ ਜਾਣ ਨਾਲ ਚੋਣਾਵੀ ਰਾਜਨੀਤੀ ਵਿਚ ਦਾਖਲ ਹੋਏ।
ਲਾਲ ਕ੍ਰਿਸ਼ਨ ਅਡਵਾਨੀ ਦਾ ਜਨਤਕ ਜੀਵਨ 7 ਦਹਾਕਿਆਂ ਤੋਂ ਵੱਧ ਦਾ ਹੈ। 96 ਸਾਲ ਦੀ ਉਮਰ ਵਿਚ ਵੀ ਉਹ ਪੜ੍ਹਨ-ਲਿਖਣ ਵਿਚ ਰੁਚੀ ਰੱਖਦੇ ਸੀ। ਲਾਲ ਕ੍ਰਿਸ਼ਨ ਅਡਵਾਨੀ ਲੋਕ ਸਭਾ ਵਿਚ ਗਾਂਧੀਨਗਰ ਅਤੇ ਨਵੀਂ ਦਿੱਲੀ ਦੀ ਪ੍ਰਤੀਨਿਧਤਾ ਕਰ ਚੁੱਕੇ ਹਨ। ਉਹ ਦਿੱਲੀ, ਗੁਜਰਾਤ ਅਤੇ ਮੱਧ ਪ੍ਰਦੇਸ਼ ਤੋਂ ਰਾਜ ਸਭਾ ਮੈਂਬਰ ਵੀ ਚੁਣੇ ਗਏ ਸਨ। ਉਹ ਤਿੰਨ ਵਾਰ ਭਾਜਪਾ ਦੇ ਕੌਮੀ ਪ੍ਰਧਾਨ ਦੀ ਕਮਾਨ ਸੰਭਾਲ ਚੁੱਕੇ ਹਨ। ਜਦੋਂ ਉਨ੍ਹਾਂ ਨੂੰ 'ਭਾਰਤ ਰਤਨ' ਦਿੱਤੇ ਜਾਣ ਦਾ ਐਲਾਨ ਹੋਇਆ ਤਾਂ ਉਹ ਬਹੁਤ ਭਾਵੁਕ ਹੋ ਗਏ ਅਤੇ ਉਨ੍ਹਾਂ ਦੀਆਂ ਅੱਖਾਂ 'ਚ ਹੰਝੂ ਆ ਗਏ।