
“ਲੜਕੀ ਹਾਂ, ਲੜ ਸਕਦੀ ਹਾਂ ਦਾ ਨਾਅਰਾ ਦੇਣ ਵਾਲੀ ਕਾਂਗਰਸ ਕੁਮਾਰੀ ਸ਼ੈਲਜਾ ਨੂੰ ਬਰਦਾਸ਼ਤ ਨਹੀਂ ਕਰ ਸਕੀ”
ਚੰਡੀਗੜ੍ਹ - ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਸ਼ੁੱਕਰਵਾਰ ਨੂੰ ਕੁਮਾਰੀ ਸ਼ੈਲਜਾ ਨੂੰ ਸੂਬਾ ਕਾਂਗਰਸ ਇਕਾਈ ਦੇ ਪ੍ਰਧਾਨ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ "ਮੈਂ ਲੜਕੀ ਹਾਂ ਲੜ ਸਕਦੀ ਹਾਂ" ਦੇ ਨਾਅਰੇ ਦੀ ਵਰਤੋਂ ਕਰਦੇ ਹੋਏ ਵਿਰੋਧੀ ਪਾਰਟੀ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਕਹਿਣੀ ਤੇ ਕਰਨੀ ਵਿੱਚ ਬਹੁਤ ਫ਼ਰਕ ਹੈ।
ਇੱਕ ਟਵੀਟ ਵਿਚ ਵਿਜ ਨੇ ਕਿਹਾ, ''UP 'ਚ 'ਲੜਕੀ ਹਾਂ, ਲੜ ਸਕਦੀ ਹਾਂ' ਦਾ ਨਾਅਰਾ ਦੇਣ ਵਾਲੀ ਕਾਂਗਰਸ ਹਰਿਆਣਾ 'ਚ ਕੁਮਾਰੀ ਸ਼ੈਲਜਾ ਨੂੰ ਬਰਦਾਸ਼ਤ ਨਹੀਂ ਕਰ ਸਕੀ। ਇਹ ਹੈ ਕਾਂਗਰਸ ਦਾ ਅਸਲੀ ਚਿਹਰਾ। ਕਾਂਗਰਸ ਦੀ ਕਹਿਣੀ ਤੇ ਕਰਨੀ ਵਿਚ ਬਹੁਤ ਫਰਕ ਹੈ।''
ਜ਼ਿਕਰਯੋਗ ਹੈ ਕਿ ਕਾਂਗਰਸ ਨੇ ਬੁੱਧਵਾਰ ਨੂੰ ਸ਼ੈਲਜਾ ਦੀ ਜਗ੍ਹਾ ਸਾਬਕਾ ਵਿਧਾਇਕ ਅਤੇ ਭੁਪਿੰਦਰ ਸਿੰਘ ਹੁੱਡਾ ਦੇ ਵਫ਼ਾਦਾਰ ਉਦੈ ਭਾਨ ਨੂੰ ਆਪਣਾ ਮੁਖੀ ਨਿਯੁਕਤ ਕਰਕੇ ਰਾਜ ਇਕਾਈ ਵਿਚ ਸੁਧਾਰ ਕੀਤਾ। ਪਾਰਟੀ ਨੇ ਆਪਣੀ ਹਰਿਆਣਾ ਇਕਾਈ ਲਈ ਚਾਰ ਕਾਰਜਕਾਰੀ ਪ੍ਰਧਾਨਾਂ- ਸ਼ਰੂਤੀ ਚੌਧਰੀ, ਰਾਮ ਕਿਸ਼ਨ ਗੁਰਜਰ, ਜਤਿੰਦਰ ਕੁਮਾਰ ਭਾਰਦਵਾਜ ਅਤੇ ਸੁਰੇਸ਼ ਗੁਪਤਾ ਨੂੰ ਵੀ ਨਿਯੁਕਤ ਕੀਤਾ ਹੈ। ਸਾਬਕਾ ਕੇਂਦਰੀ ਮੰਤਰੀ ਸ਼ੈਲਜਾ ਨੂੰ ਰਾਜ ਵਿਧਾਨ ਸਭਾ ਚੋਣਾਂ ਤੋਂ ਕੁਝ ਹਫ਼ਤੇ ਪਹਿਲਾਂ 2019 ਵਿਚ ਹਰਿਆਣਾ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ।