ਫਰਜ਼ੀ ਵੀਡੀਓ ਸ਼ੇਅਰ ਕਰਨ ਵਾਲੇ ਕੁਝ ਕਾਂਗਰਸੀ ਨੇਤਾਵਾਂ ਸਮੇਤ ਪੰਜ ਹੋਰ ਲੋਕਾਂ ਨੂੰ ਵੀ ਦਿੱਲੀ ਪੁਲਸ ਕਰੇਗੀ ਤਲਬ
Amit Shah fake video case: ਦਿੱਲੀ ਪੁਲਿਸ ਨੇ ਸੋਮਵਾਰ ਨੂੰ ਤੇਲੰਗਾਨਾ ਦੇ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਰੇਵੰਤ ਰੈਡੀ (Revanth Reddy ) ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇੱਕ ਫਰਜ਼ੀ ਵੀਡੀਓ ਦੇ ਮਾਮਲੇ ਵਿੱਚ ਸੰਮਨ ਜਾਰੀ ਕੀਤਾ ਹੈ। ਜਾਣਕਾਰੀ ਮੁਤਾਬਕ ਦਿੱਲੀ ਪੁਲਿਸ ਨੇ ਰੇਵੰਤ ਰੈੱਡੀ ਨੂੰ ਉਸ ਵੱਲੋਂ ਵਰਤੇ ਗਏ ਸਾਰੇ ਇਲੈਕਟ੍ਰਾਨਿਕ ਯੰਤਰਾਂ ਸਮੇਤ 1 ਮਈ ਨੂੰ ਪੁੱਛਗਿੱਛ ਲਈ ਬੁਲਾਇਆ ਹੈ।
ਸੂਤਰਾਂ ਨੇ ਦੱਸਿਆ ਕਿ ਫਰਜ਼ੀ ਵੀਡੀਓ ਸ਼ੇਅਰ ਕਰਨ ਵਾਲੇ ਕੁਝ ਕਾਂਗਰਸੀ ਨੇਤਾਵਾਂ ਸਮੇਤ ਪੰਜ ਹੋਰ ਲੋਕਾਂ ਨੂੰ ਵੀ ਦਿੱਲੀ ਪੁਲਸ ਤਲਬ ਕਰੇਗੀ। ਇਹ ਕਾਰਵਾਈ ਅਜਿਹੇ ਸਮੇਂ ਹੋਈ ਹੈ ਜਦੋਂ ਦਿੱਲੀ ਪੁਲਿਸ ਨੇ ਗ੍ਰਹਿ ਮੰਤਰਾਲੇ ਅਤੇ ਭਾਜਪਾ ਦੀਆਂ ਸ਼ਿਕਾਇਤਾਂ ਤੋਂ ਬਾਅਦ ਇੱਕ ਦਿਨ ਪਹਿਲਾਂ ਇਸ ਸਬੰਧ ਵਿੱਚ ਮਾਮਲਾ ਦਰਜ ਕੀਤਾ ਸੀ।
ਭਾਜਪਾ ਨੇ ਦਰਜ ਕਰਵਾਈ ਸ਼ਿਕਾਇਤ
ਸਪੈਸ਼ਲ ਸੈੱਲ ਨੇ ਭਾਰਤੀ ਦੰਡ ਸੰਹਿਤਾ (ਆਈਪੀਸੀ) ਦੀਆਂ ਵੱਖ-ਵੱਖ ਧਾਰਾਵਾਂ ਅਤੇ ਆਈਟੀ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਹੈ। ਸ਼ਿਕਾਇਤ 'ਚ ਦੋਸ਼ ਲਾਇਆ ਗਿਆ ਹੈ ਕਿ ਛੇੜਛਾੜ ਕੀਤੇ ਕੁੱਝ ਵੀਡੀਓਜ਼ 'ਭਾਈਚਾਰਿਆਂ ਵਿਚਕਾਰ ਅਸ਼ਾਂਤੀ ਪੈਦਾ ਕਰਨ ਦੇ ਇਰਾਦੇ ਨਾਲ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਜਾ ਰਹੇ ਹਨ, ਜਿਸ ਨਾਲ ਸ਼ਾਂਤੀ ਵਿਵਸਥਾ ਵਿਗਾੜਨ ਦੀ ਸੰਭਾਵਨਾ ਹੈ।
ਦਿੱਲੀ ਪੁਲਿਸ ਪੰਜ ਹੋਰ ਲੋਕਾਂ ਨੂੰ ਭੇਜੇਗੀ ਨੋਟਿਸ
ਦਿੱਲੀ ਪੁਲਿਸ ਨੇ ਇੱਕ ਨੋਟਿਸ ਭੇਜ ਕੇ ਤੇਲੰਗਾਨਾ ਦੇ ਮੁੱਖ ਮੰਤਰੀ ਨੂੰ ਆਪਣਾ ਮੋਬਾਈਲ ਫ਼ੋਨ ਆਪਣੇ ਨਾਲ ਲਿਆਉਣ ਲਈ ਕਿਹਾ ਹੈ। ਦਿੱਲੀ ਪੁਲਿਸ ਦੀ ਟੀਮ ਫਿਲਹਾਲ ਹੈਦਰਾਬਾਦ 'ਚ ਮੌਜੂਦ ਹੈ। ਇਸ ਮਾਮਲੇ 'ਚ ਪੰਜ ਹੋਰ ਲੋਕਾਂ ਨੂੰ ਨੋਟਿਸ ਜਾਰੀ ਕੀਤਾ ਜਾਵੇਗਾ, ਜਿਨ੍ਹਾਂ 'ਚ ਕੁਝ ਕਾਂਗਰਸੀ ਆਗੂ ਤੇ ਹੋਰ ਸ਼ਾਮਲ ਹਨ।
ਇਹ ਉਹ ਲੋਕ ਹਨ ,ਜਿਨ੍ਹਾਂ ਨੇ ਗ੍ਰਹਿ ਮੰਤਰੀ ਦੀ ਐਡਿਟ ਕੀਤੀ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਇਨ੍ਹਾਂ ਲੋਕਾਂ ਤੋਂ ਪੁੱਛਗਿੱਛ ਕਰਕੇ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰੇਗੀ ਕਿ ਐਡਿਟ ਕੀਤੀ ਵੀਡੀਓ ਕਿਸ ਨੇ ਬਣਾਈ ਸੀ ਅਤੇ ਇਹ ਇਨ੍ਹਾਂ ਲੋਕਾਂ ਤੱਕ ਕਿਵੇਂ ਪਹੁੰਚੀ ਸੀ। ਇਹ ਪੰਜੇ ਲੋਕ ਤੇਲੰਗਾਨਾ ਨਾਲ ਸਬੰਧਤ ਹਨ।