
ਊਸ਼ਾ ਠਾਕੁਰ ਮੱਧ ਪ੍ਰਦੇਸ਼ ਵਿਧਾਨ ਸਭਾ ਵਿਚ ਇੋਦੌਰ ਜ਼ਿਲ੍ਹੇ ਤੋਂ ਵਿਧਾਇਕ ਹੈ
ਇੰਦੌਰ : ਮੱਧ ਪ੍ਰਦੇਸ਼ ਦੀ ਭਾਜਪਾ ਵਿਧਾਇਕ ਊਸ਼ਾ ਠਾਕੁਰ ਵਲੋਂ ਮਹਾਤਮਾ ਗਾਂਧੀ ਦੇ ਕਾਤਲ ਨੱਥੂਰਾਮ ਗੌਡਸੇ ਨੂੰ ਰਾਸ਼ਟਰਵਾਦੀ ਕਹਿਣ ਤੋਂ ਬਾਅਦ ਵਿਵਾਦ ਪੈਦਾ ਹੋ ਗਿਆ ਹੈ। ਸੋਸ਼ਲ ਮੀਡੀਆ 'ਤੇ ਅੱਜ ਇਕ ਅਜਿਹੀ ਵੀਡੀਉ ਚਰਚਿਤ ਹੋਈ ਜਿਸ ਵਿਚ ਊਸ਼ਾ ਵਲੋਂ ਗੌਡਸੇ ਨੂੰ ਰਾਸ਼ਟਰਵਾਦੀ ਕਿਹਾ ਜਾ ਰਿਹਾ ਹੈ। ਵੀਡੀਉ ਵਿਚ ਇਕ ਪੱਤਰਕਾਰ ਊਸ਼ਾ ਨੂੰ ਪੁੱਛ ਰਿਹਾ ਹੈ ਕਿ ਕੀ ਉਹ ਗੌਡਸੇ ਨੂੰ ਰਾਸ਼ਟਰਵਾਦੀ ਮੰਨਦੀ ਹੈ।? ਜਿਸ ਦੇ ਜਵਾਬ ਵਿਚ ਉਹ ਕਹਿੰਦੀ ਹੈ ਕਿ ਗੌਡਸੇ ਤਾਂ ਰਾਸ਼ਟਰਵਾਦੀ ਹੀ ਹਨ।
Mahatma Gandhi
ਊਸ਼ਾ ਠਾਕੁਰ ਮੱਧ ਪ੍ਰਦੇਸ਼ ਵਿਧਾਨ ਸਭਾ ਵਿਚ ਇੋਦੌਰ ਜ਼ਿਲ੍ਹੇ ਤੋਂ ਵਿਧਾਇਕ ਹੈ ਅਤੇ ਉਹ ਭਾਜਪਾ ਈਕਾਈ ਦੀ ਮੀਤ ਪ੍ਰਧਾਨ ਵੀ ਹੈ। ਉਨ੍ਹਾਂ ਕਿਹਾ ਕਿ ਇਹ ਤਾਂ ਗੌਡਸੇ ਨੂੰ ਹੀ ਪਤਾ ਹੋਵੇਗਾ ਕਿ ਉਸ ਸਮੇਂ ਕਿਹੜੀ ਸਥਿਤੀ ਰਹੀ ਹੋਵੇਗਾ ਕਿ ਉਨ੍ਹਾਂ ਨੇ ਗਾਂਧੀ ਨੂੰ ਕਤਲ ਕਰਨ ਦਾ ਫ਼ੈਸਲਾ ਕੀਤਾ। ਇਸ ਦੌਰਾਨ ਭਾਜਪਾ ਦੀ ਸੂਬਾ ਈਕਾਈ ਦੀ ਜਾਂਚ ਕਮੇਟੀ ਦੇ ਕਨਵੀਨਰ ਬਾਬੂ ਸਿੰਘ ਰਘੁਵੰਸ਼ੀ ਨੇ ਕਿਹਾ ਕਿ ਗੌਡਸੇ ਨੂੰ ਲੈ ਕੇ ਮੀਡੀਆ ਵਲੋਂ ਭਾਜਪਾ ਨੇਤਾਵਾਂ ਤੋਂ ਲਗਾਤਾਰ ਸਵਾਲ ਕਿਉਂ ਪੁੱਛੇ ਜਾ ਰਹੇ ਹਨ। ਮੌਜੂਦਾ ਸਮਾਂ ਇਹ ਸਵਾਲ ਪੁੱਛਣ ਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਊਸ਼ਾ ਠਾਕੁਰ ਦੀ ਇਸ ਵੀਡੀਉ ਨੇ ਛੇੜਛਾੜ ਕੀਤੀ ਗਈ ਹੈ ਅਤੇ ਸਿਰਫ਼ ਇਕ ਸ਼ਬਦ ਨੂੰ ਹੀ ਲੈ ਕੇ ਵਿਵਾਦ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
Usha Thakur
ਬੀਤੇ ਕੁੱਝ ਸਮੇਂ ਦੌਰਾਨ ਇਹ ਦੂਜਾ ਮੌਕਾ ਹੈ ਜਦ ਸੂਬੇ ਵਿਚ ਭਾਜਪਾ ਦੀਆਂ ਮਹਿਲਾ ਆਗੂਆਂ ਵਲੋਂ ਗੌਡਸੇ ਨੂੰ ਲੈ ਕੇ ਵਿਵਾਦਤ ਟਿਪਣੀ ਕੀਤੀ ਗਈ ਹੋਵੇ। ਇਸ ਤੋਂ ਪਹਿਲਾਂ ਭਾਜਪਾ ਦੀ ਨੇਤਾ ਸਾਧਵੀ ਪ੍ਰਗਿਆ ਸਿੰਘ ਠਾਕੁਰ ਨੇ ਗੌਡਸੇ ਨੂੰ ਦੇਸ਼ ਭਗਤ ਕਹਿ ਦਿਤਾ ਸੀ ਜਿਸ ਤੋਂ ਬਾਅਦ ਪਾਰਟੀ ਦੀਆਂ ਮੁਸ਼ਕਲਾਂ ਵਿਚ ਵਾਧਾ ਹੋ ਗਿਆ ਸੀ ਅਤੇ ਭਾਜਪਾ ਨੇ ਕਿਹਾ ਸੀ ਕਿ ਇਸ ਬਿਆਨ ਨਾਲ ਪਾਰਟੀ ਦਾ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਇਹ ਬਿਆਨ ਸਾਧਵੀ ਦਾ ਨਿਜੀ ਬਿਆਨ ਹੈ। ਵਿਵਾਦ ਪੈਦਾ ਹੋਣ ਤੋਂ ਬਾਅਦ ਸਾਧਵੀ ਨੇ ਮਾਫ਼ੀ ਮੰਗ ਲਈ ਸੀ।
Nathuram Godse
ਭਾਜਪਾ ਦੇ ਰਾਸ਼ਟਰਵਾਦ ਦਾ ਅਸਲੀ ਚਿਹਰਾ ਸਾਹਮਣੇ ਆਇਆ: ਕਾਂਗਰਸ
ਭਾਜਪਾ 'ਤੇ ਨਿਸ਼ਾਨਾ ਲਾਉਂਦਿਆਂ ਸੱਤਾਧਿਰ ਕਾਂਗਰਸ ਦੇ ਸੂਬਾ ਬੁਲਾਰੇ ਨੀਲਾਭ ਸ਼ੁਕਲਾ ਨੇ ਕਿਹਾ ਕਿ ਗੌਡਸੇ ਨੂੰ ਲੈ ਕੇ ਸਾਧਵੀ ਅਤੇ ਊਸ਼ਾ ਠਾਕੁਰ ਦੇ ਵਿਵਾਦਤ ਬਿਆਨਾਂ ਨਾਲ ਭਾਜਪਾ ਦੇ ਰਾਸ਼ਟਰਵਾਦ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ ਹੈ। ਭਾਜਪਾ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਦੋਹਾਂ ਨੂੰ ਪਾਰਟੀ ਤੋਂ ਤੁਰਤ ਬਾਹਰ ਕਰੇ ਅਤੇ ਇਨ੍ਹਾਂ ਦੇ ਜ਼ਹਿਰੀਲੇ ਬਿਆਨਾਂ ਲਈ ਦੇਸ਼ ਤੋਂ ਮਾਫ਼ੀ ਮੰਗੇ।