ਸੂਚਨਾ ਮਿਲਣ 'ਤੇ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤਾ ਹੈ
ਉਤਰ ਪ੍ਰਦੇਸ਼ : ਜ਼ਿਲ੍ਹ ਦੇ ਜਿਗਨਾ ਥਾਣਾ ਖੇਤਰ 'ਚ ਵਿਆਹ ਦੀਆਂ ਖ਼ੁਸ਼ੀਆਂ ਮਾਤਮ ਵਿਚ ਬਦਲ ਗਈਆਂ। ਇਸ ਦੇ ਨਾਲ ਹੀ ਦੋ ਹੋਰ ਘਰਾਂ ਨੂੰ ਵੀ ਗਮ ਦੇ ਬੱਦਲਾਂ ਨੇ ਆਪਣੀ ਲਪੇਟ ਵਿਚ ਲੈ ਲਿਆ। ਸ਼ਨੀਵਾਰ ਦੇਰ ਰਾਤ ਇਲਾਕੇ ਦੇ ਸੁਮਾਤੀਆ ਪਿੰਡ 'ਚ ਸੜਕ ਹਾਦਸੇ 'ਚ ਇਕ ਲੜਕੀ ਸਮੇਤ 3 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਤਿੰਨ ਬਾਈਕ ਸਵਾਰ ਟਰੱਕ ਨੂੰ ਓਵਰਟੇਕ ਕਰ ਰਹੇ ਸਨ। ਇਸ ਦੌਰਾਨ ਸਾਹਮਣੇ ਤੋਂ ਆ ਰਹੇ ਡੀਸੀਐਮ ਨਾਲ ਉਨ੍ਹਾਂ ਦੀ ਟੱਕਰ ਹੋ ਗਈ। ਸੂਚਨਾ ਮਿਲਣ 'ਤੇ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤਾ ਹੈ। ਫ਼ਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਦਰਅਸਲ ਜਿਗਨਾ ਥਾਣਾ ਖੇਤਰ ਦੇ ਪਿੰਡ ਮਾਵਈਆ ਨਿਵਾਸੀ ਸੰਤਲਾਲ ਦੀ ਬੇਟੀ ਰਾਣੀ ਮੁਖਰਜੀ ਦਾ ਵਿਆਹ ਐਤਵਾਰ ਨੂੰ ਸੀ। ਸ਼ਨੀਵਾਰ ਰਾਤ ਨੂੰ ਖਾਣਾ ਖਾ ਕੇ ਸਾਰੇ ਸੌਂ ਗਏ। ਕੁਝ ਸਮੇਂ ਬਾਅਦ ਰਿਸ਼ਤੇਦਾਰਾਂ ਨੂੰ ਪਤਾ ਲਗਾ ਕਿ ਲੜਕੀ ਘਰੋਂ ਗਾਇਬ ਹੈ। ਉਹ ਉਸ ਨੂੰ ਲਭਣ ਲਗੇ। ਇਸ ਦੌਰਾਨ ਲੜਕੀ ਦੀ ਮਾਸੀ ਦੇ ਲੜਕੇ ਹਰੀਸ਼ਚੰਦ ਨੇ ਪਰਵਾਰ ਨੂੰ ਦਸਿਆ ਕਿ ਹਾਦਸਾ ਵਾਪਰ ਗਿਆ ਹੈ। ਇਸ ਤੋਂ ਬਾਅਦ ਲੜਕੀ ਦੇ ਪਿਤਾ ਸੰਤਲਾਲ ਸਮੇਤ ਸਾਰੇ ਰਿਸ਼ਤੇਦਾਰ ਮੌਕੇ 'ਤੇ ਪਹੁੰਚੇ ਤਾਂ ਦੇਖਿਆ ਕਿ ਸੜਕ 'ਤੇ ਤਿੰਨ ਲੋਕਾਂ ਦੀਆਂ ਲਾਸ਼ਾਂ ਪਈਆਂ ਸਨ, ਜਿਨ੍ਹਾਂ 'ਚੋਂ ਇਕ ਉਨ੍ਹਾਂ ਦੀ ਬੇਟੀ ਰਾਣੀ ਦੀ ਸੀ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ 'ਚ ਹੰਗਾਮਾ ਹੋ ਗਿਆ।
ਇਸ ਤੋਂ ਬਾਅਦ ਹਰੀਸ਼ਚੰਦ ਨੇ ਪਰਵਾਰ ਵਾਲਿਆਂ ਨੂੰ ਸਾਰੀ ਗੱਲ ਦੱਸੀ। ਹਰੀਸ਼ਚੰਦ ਮੁਤਾਬਕ ਨੌਜਵਾਨ ਵਿਕਾਸ ਜੋ ਪ੍ਰਯਾਗਰਾਜ ਦੇ ਮੰਡ ਥਾਣਾ ਖੇਤਰ ਦੇ ਸਰਾਇਆ ਪਿੰਡ ਦਾ ਰਹਿਣ ਵਾਲਾ ਸੀ। ਉਹ ਰਾਣੀ ਨੂੰ ਪਿਆਰ ਕਰਦਾ ਸੀ। ਵਿਆਹ ਤੋਂ ਪਹਿਲਾਂ ਦੋਵਾਂ ਨੇ ਭੱਜਣ ਦੀ ਯੋਜਨਾ ਬਣਾਈ ਸੀ। ਇਸ ਦੌਰਾਨ ਵਿਕਾਸ ਅਤੇ ਉਸ ਦਾ ਇਕ ਦੋਸਤ ਬਾਈਕ 'ਤੇ ਆਏ ਅਤੇ ਰਾਣੀ ਉਨ੍ਹਾਂ ਦੇ ਨਾਲ ਚਲੀ ਗਈ। ਹਰੀਸ਼ਚੰਦ ਨੇ ਦਸਿਆ ਕਿ ਉਸ ਨੇ ਇਸ ਕੰਮ ਵਿਚ ਰਾਣੀ ਦਾ ਵੀ ਸਾਥ ਦਿਤਾ।
ਇਸ ਦੌਰਾਨ ਜਦੋਂ ਜਿਗਨਾ ਥਾਣਾ ਸਦਰ ਦੇ ਪਿੰਡ ਸੁਮਾਤੀਆ ਨੇੜੇ ਪਹੁੰਚਿਆ ਤਾਂ ਟਰੱਕ ਨੂੰ ਓਵਰਟੇਕ ਕਰਦੇ ਸਮੇਂ ਉਸ ਦੀ ਬਾਈਕ ਸਾਹਮਣੇ ਤੋਂ ਆ ਰਹੇ ਡੀਸੀਐਮ ਨਾਲ ਟਕਰਾ ਗਈ, ਜਿਸ ਕਾਰਨ ਤਿੰਨਾਂ ਦੀ ਮੌਤ ਹੋ ਗਈ। ਕੋਸ਼ਦਕਲਾ ਤੋਂ ਵਿਕਾਸ ਦੇ ਨਾਲ ਆਏ ਕਰਨ ਦੀ ਵੀ ਹਾਦਸੇ ਵਿਚ ਮੌਤ ਹੋ ਗਈ ਹੈ।
ਦੂਜੇ ਪਾਸੇ ਇਸ ਮਾਮਲੇ ਵਿਚ ਜਿਗਨਾ ਥਾਣਾ ਮੁਖੀ ਅਰਵਿੰਦ ਪਾਂਡੇ ਨੇ ਦਸਿਆ ਕਿ ਟਰੱਕ ਨੂੰ ਓਵਰਟੇਕ ਕਰਦੇ ਸਮੇਂ ਡੀਸੀਐਮ ਨਾਲ ਟਕਰਾਉਣ ਨਾਲ ਬਾਈਕ ਸਵਾਰ ਲੜਕੀ ਸਮੇਤ 3 ਲੋਕਾਂ ਦੀ ਮੌਤ ਹੋ ਗਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।