ਸਾਬਕਾ ਆਈਪੀਐਸ ਅਧਿਕਾਰੀ ਨੇ ਇਕ ਵਿਵਾਦਿਤ ਟਵੀਟ ਕੀਤਾ ਹੈ, ਜਿਸ 'ਤੇ ਪਹਿਲਵਾਨ ਬਜਰੰਗ ਪੂਨੀਆ ਭੜਕ ਗਏ
ਨਵੀਂ ਦਿੱਲੀ : ਦਿੱਲੀ 'ਚ ਐਤਵਾਰ ਨੂੰ ਇਕ ਪਾਸੇ ਦੇਸ਼ ਦੀ ਨਵੀਂ ਸੰਸਦ ਦਾ ਉਦਘਾਟਨ ਹੋ ਰਿਹਾ ਸੀ ਅਤੇ ਉਥੋਂ ਕੁਝ ਦੂਰੀ 'ਤੇ ਦਿੱਲੀ ਪੁਲਿਸ ਅਤੇ ਪਹਿਲਵਾਨਾਂ ਵਿਚਾਲੇ ਹੰਗਾਮਾ ਹੋ ਗਿਆ। ਇਸ ਕੜੀ 'ਚ ਦਿੱਲੀ ਪੁਲਿਸ ਦੀ ਕਾਰਵਾਈ ਦਾ ਸਮਰਥਨ ਕਰਦੇ ਹੋਏ ਇਕ ਸਾਬਕਾ ਆਈਪੀਐਸ ਅਧਿਕਾਰੀ ਨੇ ਇਕ ਵਿਵਾਦਿਤ ਟਵੀਟ ਕੀਤਾ ਹੈ, ਜਿਸ 'ਤੇ ਪਹਿਲਵਾਨ ਬਜਰੰਗ ਪੂਨੀਆ ਭੜਕ ਗਏ ਹਨ। ਇਸ ਦਾ ਜਵਾਬ ਦਿੰਦੇ ਹੋਏ ਬਜਰੰਗ ਪੂਨੀਆ ਨੇ ਕਿਹਾ ਕਿ ਉਹ ਗੋਲੀ ਖਾਣ ਲਈ ਤਿਆਰ ਹਨ ਅਤੇ ਸਾਬਕਾ ਅਧਿਕਾਰੀ ਨੂੰ ਚੁਣੌਤੀ ਵੀ ਦਿਤੀ ਹੈ।
ਸਾਬਕਾ ਏਪੀਐਸ ਅਧਿਕਾਰੀ ਐਨਸੀ ਅਸਥਾਨਾ ਨੇ ਐਤਵਾਰ (28 ਮਈ) ਨੂੰ ਪਹਿਲਵਾਨਾਂ 'ਤੇ ਪੁਲਿਸ ਦੀ ਕਾਰਵਾਈ ਨੂੰ ਜਾਇਜ਼ ਠਹਿਰਾਉਂਦੇ ਹੋਏ ਲਿਖਿਆ- 'ਜੇ ਲੋੜ ਪਈ ਤਾਂ ਗੋਲੀ ਵੀ ਮਾਰਾਂਗੇ। ਪਰ ਤੁਹਾਡੇ ਕਹਿਣ ’ਤੇ ਨਹੀਂ। ਹਾਲੇ ਤਾਂ ਸਿਰਫ਼ ਕੂੜੇ ਦੀ ਬੋਰੀ ਵਾਂਗ ਘਸੀਟ ਕੇ ਸੁਟਿਆ ਹੈ। ਧਾਰਾ 129 ਵਿਚ ਪੁਲਿਸ ਨੂੰ ਗੋਲੀ ਚਲਾਉਣ ਦਾ ਅਧਿਕਾਰ ਹੈ। ਉਚਿਤ ਹਲਾਤਾਂ ਵਿਚ ਉਹ ਇੱਛਾ ਵੀ ਪੂਰੀ ਹੋਵੇਗੀ। ਪਰ ਇਹ ਜਾਣਨ ਲਈ ਸਿਖਿਅਤ ਹੋਣਾ ਜ਼ਰੂਰੀ ਹੈ। ਫਿਰ ਮਿਲਾਂਗੇ ਪੋਸਟਮਾਰਟਮ ਟੇਬਲ 'ਤੇ!
ਅਸਥਾਨਾ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਬਜਰੰਗ ਪੂਨੀਆ ਨੇ ਲਿਖਿਆ ਇਹ ਆਈਪੀਐਸ ਅਫ਼ਸਰ ਸਾਨੂੰ ਗੋਲੀ ਮਾਰਨ ਦੀ ਗੱਲ ਕਰ ਰਿਹਾ ਹੈ। ਸਾਹਮਣੇ ਖੜ੍ਹੇ ਹਾਂ, ਦੱਸ ਕਿੱਥੇ ਆਉਣਾ ਹੈ ਗੋਲੀ ਖਾਣ ਲਈ… ਸਹੁੰ ਖਾ ਕੇ ਕਹਿੰਦਾ ਹਾਂ ਪਿੱਠ ਨਹੀਂ ਦਿਖਾਵਾਂਗੇ, ਆਪਣੀ ਛਾਤੀ 'ਤੇ ਖਾਵਾਂਗੇ ਤੇਰੀ ਗੋਲੀ। ਇਹੀ ਰਹਿ ਗਿਆ ਹੈ, ਹੁਣ ਸਾਡੇ ਨਾਲ ਕਰਨਾ ਤਾਂ ਇਹ ਵੀ ਠੀਕ।
ਬ੍ਰਿਜ ਭੂਸ਼ਣ ਸ਼ਰਨ ਸਿੰਘ ਦਾ ਵਿਰੋਧ ਕਰ ਰਹੇ ਪਹਿਲਵਾਨਾਂ ਨੇ ਐਤਵਾਰ (28 ਮਈ) ਨੂੰ ਸੰਸਦ ਭਵਨ ਦੇ ਸਾਹਮਣੇ ਮਹਿਲਾ ਮਹਾਪੰਚਾਇਤ ਦਾ ਐਲਾਨ ਕੀਤਾ। ਪੁਲਿਸ ਵਲੋਂ ਇਜਾਜ਼ਤ ਨਾ ਮਿਲਣ ਦੇ ਬਾਵਜੂਦ ਸਵੇਰੇ 11.30 ਵਜੇ ਦੇ ਕਰੀਬ ਪਹਿਲਵਾਨ ‘ਸ਼ਾਂਤੀ ਮਾਰਚ’ ਕੱਢਦੇ ਹੋਏ ਨਵੀਂ ਸੰਸਦ ਭਵਨ ਵੱਲ ਵਧਣ ਲੱਗੇ। ਪੁਲਿਸ ਨੇ ਪਹਿਲਵਾਨਾਂ ਨੂੰ ਸੰਸਦ ਤੋਂ ਥੋੜ੍ਹੀ ਦੂਰ ਕੇਰਲ ਭਵਨ ਨੇੜੇ ਅੱਗੇ ਵਧਣ ਤੋਂ ਰੋਕ ਦਿਤਾ। ਇੱਥੋਂ ਕਈ ਪਹਿਲਵਾਨਾਂ ਨੂੰ ਹਿਰਾਸਤ ਵਿਚ ਲਿਆ ਗਿਆ ਸੀ, ਜਿਨ੍ਹਾਂ ਵਿਚ ਵਿਨੇਸ਼ ਫੋਗਾਟ ਦੀ ਸਾਕਸ਼ੀ ਮਲਿਕ ਅਤੇ ਬਜਰੰਗ ਪੁਨੀਆ ਵੀ ਸ਼ਾਮਲ ਹਨ। ਸਾਕਸ਼ੀ ਮਲਿਕ ਅਤੇ ਵਿਨੇਸ਼ ਫੋਗਾਟ ਨੂੰ ਸ਼ਾਮ ਨੂੰ ਪੁਲਿਸ ਨੇ ਰਿਹਾਅ ਕਰ ਦਿਤਾ ਸੀ ਜਦਕਿ ਬਜਰੰਗ ਪੁਨੀਆ ਨੂੰ ਦੇਰ ਰਾਤ ਮਯੂਰ ਵਿਹਾਰ ਥਾਣੇ ਤੋਂ ਰਿਹਾਅ ਕਰ ਦਿਤਾ ਗਿਆ ਸੀ।