
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿਤੀ ਹਰੀ ਝੰਡੀ
ਗੁਹਾਟੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਸਾਮ ਨੂੰ ਪਹਿਲੀ ਵੰਦੇ ਭਾਰਤ ਐਕਸਪ੍ਰੈਸ ਰੇਲਗੱਡੀ ਦੀ ਸੌਗਾਤ ਦਿਤੀ ਹੈ।ਉਨ੍ਹਾਂ ਨੇ ਦੁਪਹਿਰ 12 ਵਜੇ ਵਰਚੁਅਲ ਮਾਧਿਅਮ ਰਾਹੀਂ ਰੇਲਗੱਡੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਰੇਲਗੱਡੀ ਅਸਾਮ ਦੇ ਗੁਹਾਟੀ ਤੋਂ ਪਛਮੀ ਬੰਗਾਲ ਦੇ ਨਿਊ ਜਲਪਾਈਗੁੜੀ ਤਕ ਜਾਵੇਗੀ। ਇਹ ਅਸਾਮ ਅਤੇ ਉਤਰ-ਪੂਰਬੀ ਭਾਰਤ ਲਈ ਪਹਿਲੀ ਵੰਦੇ ਭਾਰਤ ਰੇਲਗੱਡੀ ਹੈ।
ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਜੁਲਾਈ ਤਕ ਕੇਂਦਰ ਸਰਕਾਰ ਦੀ ਦੇਸ਼ ਦੇ ਲਗਭਗ ਹਰ ਸੂਬੇ ਲਈ ਵੰਦੇ ਭਾਰਤ ਐਕਸਪ੍ਰੈਸ ਚਲਾਉਣ ਦੀ ਯੋਜਨਾ ਹੈ। ਦੂਜੇ ਪਾਸੇ ਪਛਮੀ ਬੰਗਾਲ ਲਈ ਇਹ ਤੀਜੀ ਵੰਦੇ ਭਾਰਤ ਰੇਲਗੱਡੀ ਹੈ। ਇਸ ਤੋਂ ਪਹਿਲਾਂ ਪੁਰੀ ਤੋਂ ਹਾਵੜਾ ਅਤੇ ਹਾਵੜਾ ਤੋਂ ਨਿਊ ਜਲਪਾਈਗੁੜੀ ਤਕ ਵੰਦੇ ਭਾਰਤ ਐਕਸਪ੍ਰੈਸ ਰੇਲਗੱਡੀਆਂ ਵੀ ਚਲਾਈਆਂ ਜਾ ਚੁਕੀਆਂ ਹਨ।
ਇਹ ਵੀ ਪੜ੍ਹੋ: ਸੌਰਵ ਗਾਂਗੁਲੀ 'ਤੇ ਬਣੇਗੀ ਬਾਇਉਪਿਕ, ਪੂਰੀ ਹੋਈ ਫ਼ਿਲਮ ਦੀ ਸਕ੍ਰਿਪਟ
ਗੁਹਾਟੀ ਤੋਂ ਨਿਊ ਜਲਪਾਈਗੁੜੀ ਤਕ ਵੰਦੇ ਭਾਰਤ ਐਕਸਪ੍ਰੈਸ ਮੰਗਲਵਾਰ ਨੂੰ ਛੱਡ ਕੇ ਹਫ਼ਤੇ ਵਿਚ 6 ਦਿਨ ਚੱਲੇਗੀ। ਇਸ ਦੇ ਜ਼ਰੀਏ ਗੁਹਾਟੀ ਤੋਂ ਨਿਊ ਜਲਪਾਈਗੁੜੀ ਤਕ ਦਾ ਸਫ਼ਰ ਸਿਰਫ਼ 5 ਘੰਟੇ 30 ਮਿੰਟ 'ਚ ਪੂਰਾ ਕੀਤਾ ਜਾਵੇਗਾ।ਫਿਲਹਾਲ ਇਸ ਰੂਟ 'ਤੇ ਡਿਬਰੂਗੜ੍ਹ ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈੱਸ ਚਲਦੀ ਹੈ। ਇਹ ਰੇਲਗੱਡੀ ਇਹ ਸਫ਼ਰ 6 ਘੰਟੇ 30 ਮਿੰਟ 'ਚ ਪੂਰਾ ਕਰਦੀ ਹੈ। ਇਸ ਦ੍ਰਿਸ਼ਟੀਕੋਣ ਤੋਂ, ਇਸ ਰੂਟ 'ਤੇ ਵੰਦੇ ਭਾਰਤ ਐਕਸਪ੍ਰੈਸ ਟਰੇਨ ਦੀ ਰਫ਼ਤਾਰ ਸਭ ਤੋਂ ਵੱਧ ਹੋਵੇਗੀ। ਇਹ ਸੁਪਰਫ਼ਾਸਟ ਟਰੇਨ ਗੁਹਾਟੀ ਤੋਂ ਸ਼ਾਮ 4:30 ਵਜੇ ਰਵਾਨਾ ਹੋਵੇਗੀ ਅਤੇ ਰਾਤ 10 ਵਜੇ ਨਿਊ ਜਲਪਾਈਗੁੜੀ ਪਹੁੰਚੇਗੀ। ਇਸ ਤਰ੍ਹਾਂ ਇਹ ਰੇਲਗੱਡੀ 409 ਕਿਲੋਮੀਟਰ ਦਾ ਸਫ਼ਰ 5 ਘੰਟੇ 20 ਮਿੰਟ 'ਚ ਪੂਰਾ ਕਰੇਗੀ।
ਗੁਹਾਟੀ ਵੰਦੇ ਭਾਰਤ ਐਕਸਪ੍ਰੈਸ ਰੇਲਗੱਡੀ ਅਪਣੀ ਯਾਤਰਾ ਦੌਰਾਨ ਕਾਮਾਖਿਆ, ਨਿਊ ਬੋਂਗਾਈਗਾਉਂ, ਕੋਕਰਾਝਾਰ, ਨਿਊ ਅਲੀਪੁਰਦੁਆਰ ਅਤੇ ਕੂਚਬਿਹਾਰ ਵਿਖੇ ਰੁਕੇਗੀ। ਇਸ ਤੋਂ ਬਾਅਦ ਆਖ਼ਰੀ ਸਟੇਸ਼ਨ ਨਿਊ ਜਲਪਾਈਗੁੜੀ ਹੋਵੇਗਾ। ਸ਼ਾਮ 4:30 ਵਜੇ ਗੁਹਾਟੀ ਤੋਂ ਰਵਾਨਾ ਹੋਣ ਤੋਂ ਬਾਅਦ, ਵੰਦੇ ਭਾਰਤ ਐਕਸਪ੍ਰੈਸ ਪਹਿਲਾਂ 4:40 'ਤੇ ਕਾਮਾਖਿਆ ਪਹੁੰਚੇਗੀ। ਇਹ ਸਟੇਸ਼ਨ ਕਾਮਾਖਿਆ ਮੰਦਰ, ਆਸਥਾ ਦੇ ਕੇਂਦਰ ਨੂੰ ਜੋੜਦਾ ਹੈ। ਇਸ ਤੋਂ ਬਾਅਦ ਸ਼ਾਮ ਨੂੰ 6:35 ਵਜੇ ਰੇਲਗੱਡੀ ਦਾ ਦੂਜਾ ਸਟਾਪ ਨਿਊ ਬੋਂਗਾਈਗਾਂਵ ਗੋਗਾ ਹੈ। ਇਥੇ ਟਰੇਨ ਇਕ ਮਿੰਟ ਲਈ ਰੁਕੇਗੀ ਅਤੇ ਫਿਰ 06:56 'ਤੇ ਕੋਕਰਾਝਾਰ ਪਹੁੰਚੇਗੀ।
ਜਾਣਕਾਰੀ ਅਨੁਸਾਰ ਇਸ ਦਾ ਅਗਲਾ ਸਟੇਸ਼ਨ ਅਲੀਪੁਰਦੁਆਰ ਹੋਵੇਗਾ, ਜਿਥੇ ਰੇਲਗੱਡੀ ਸ਼ਾਮ ਨੂੰ 7:48 'ਤੇ ਪਹੁੰਚੇਗੀ ਅਤੇ ਫਿਰ 8:02 'ਤੇ ਟਰੇਨ ਨਿਊ ਕੂਚ ਬਿਹਾਰ ਪਹੁੰਚੇਗੀ। ਫਿਰ ਆਖ਼ਰੀ ਸਟੇਸ਼ਨ ਨਿਊ ਜਲਪਾਈਗੁੜੀ ਹੋਵੇਗਾ। ਇਸ ਦੇ ਨਾਲ ਹੀ ਇਹ ਟਰੇਨ ਮੰਗਲਵਾਰ ਨੂੰ ਛੱਡ ਕੇ ਹਰ ਰੋਜ਼ ਸਵੇਰੇ 6:10 ਵਜੇ ਬੰਗਾਲ ਦੇ ਨਿਊ ਜਲਪਾਈਗੁੜੀ ਤੋਂ ਰਵਾਨਾ ਹੋਵੇਗੀ ਅਤੇ ਸਵੇਰੇ 11:40 ਵਜੇ ਗੁਹਾਟੀ ਪਹੁੰਚੇਗੀ। ਵੰਦੇ ਭਾਰਤ ਐਕਸਪ੍ਰੈਸ ਦੇ ਉਦਘਾਟਨ ਦੇ ਨਾਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 182 ਕਿਲੋਮੀਟਰ ਦੇ ਇਲੈਕਟ੍ਰੀਫ਼ਾਈਡ ਰੂਟ ਦਾ ਵੀ ਉਦਘਾਟਨ ਕੀਤਾ।