
ਕਿਹਾ, ਨਸ਼ੇ ’ਚ ਧੀ ਦਾ ਜਿਨਸੀ ਸ਼ੋਸ਼ਣ ਕਰਨ ਵਾਲਾ ਡਾਕਟਰ ਸਜ਼ਾ ਮੁਅੱਤਲੀ ਦਾ ਹੱਕਦਾਰ ਨਹੀਂ
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਵੀਰਵਾਰ ਨੂੰ ਅਪਣੀ ਸੱਤ ਸਾਲ ਦੀ ਧੀ ਦਾ ਜਿਨਸੀ ਸ਼ੋਸ਼ਣ ਕਰਨ ਵਾਲੇ ਡਾਕਟਰ ਪਿਤਾ ਦੀ ਸਜ਼ਾ ਮੁਅੱਤਲ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ ’ਤੇ ਵਿਚਾਰ ਕਰਨ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਸ਼ਰਾਬ ਪੀਣ ਤੋਂ ਬਾਅਦ ਆਦਮੀ ਸ਼ੈਤਾਨ ਬਣ ਜਾਂਦਾ ਹੈ। ਜਸਟਿਸ ਬੀ.ਵੀ. ਨਾਗਰਤਨਾ ਅਤੇ ਸਤੀਸ਼ ਚੰਦਰ ਸ਼ਰਮਾ ਦੇ ਬੈਂਚ ਨੇ ਕਿਹਾ ਕਿ ਡਾਕਟਰ ਨੂੰ ਹੇਠਲੀ ਅਦਾਲਤ ਨੇ ਦੋਸ਼ੀ ਠਹਿਰਾਇਆ ਹੈ ਅਤੇ ਉਹ ਉਸਨੂੰ ਕੋਈ ਰਾਹਤ ਦੇਣ ਦੇ ਹੱਕ ਵਿਚ ਨਹੀਂ ਹੈ।
ਬੈਂਚ ਨੇ ਜ਼ੁਬਾਨੀ ਟਿੱਪਣੀਆਂ ’ਚ ਕਿਹਾ, ‘‘ਦੇਖੋ ਉਸਨੇ ਬੱਚੀ ਨਾਲ ਕਿਸ ਤਰ੍ਹਾਂ ਦੀ ਹਰਕਤ ਕੀਤੀ ਹੈ। ਤੁਸੀਂ ਕਿਸੇ ਵੀ ਰਾਹਤ ਦੇ ਹੱਕਦਾਰ ਨਹੀਂ ਹੋ। ਬੱਚੀ ਨੇ ਤੁਹਾਡੇ ਮੁਵੱਕਿਲ ਵਿਰੁਧ ਬਿਆਨ ਦਿਤੇ ਹਨ। ਉਹ ਇਕ ਬਿਮਾਰ ਮਾਨਸਿਕਤਾ ਵਾਲਾ ਵਿਅਕਤੀ ਹੈ, ਉਹ ਇਸਦਾ ਹੱਕਦਾਰ ਨਹੀਂ ਹੈ ਕਿ ਉਸਦੀ ਸਜ਼ਾ ਮੁਅੱਤਲ ਕੀਤੀ ਜਾਵੇ।’’
ਬੈਂਚ ਨੇ ਕਿਹਾ, ‘‘ਤੁਸੀਂ ਅਪਣੀ ਧੀ ਨਾਲ ਅਜਿਹਾ ਨਹੀਂ ਕਰ ਸਕਦੇ। ਉਹ ਪਿਤਾ ਵਿਰੁਧ ਗਵਾਹੀ ਕਿਉਂ ਦੇਵੇਗੀ। ਉਹ ਇਕ ਛੋਟੀ ਬੱਚੀ ਹੈ ਜਿਸਨੇ ਜਿਰਹ ਦਾ ਸਾਹਮਣਾ ਕੀਤਾ ਹੈ। ਸ਼ਰਾਬ ਪੀਣ ਤੋਂ ਬਾਅਦ ਆਦਮੀ ਸ਼ੈਤਾਨ ਬਣ ਜਾਂਦਾ ਹੈ। ਸਾਨੂੰ ਇਹ ਨਹੀਂ ਕਹਿਣਾ ਚਾਹੀਦਾ ਪਰ ਅਸੀਂ ਸਭ ਤੋਂ ਉਦਾਰ ਬੈਂਚ ਹਾਂ। ਜੇਕਰ ਅਸੀਂ ਜ਼ਮਾਨਤ ਨਹੀਂ ਦੇ ਰਹੇ ਹਾਂ, ਤਾਂ ਇਸਦੇ ਪਿੱਛੇ ਕਾਰਨ ਹਨ। ਡਾਕਟਰ ਨੇ ਸ਼ਰਾਬ ਦੇ ਨਸ਼ੇ ’ਚ ਧੀ ਦਾ ਜਿਨਸੀ ਸ਼ੋਸ਼ਣ ਕੀਤਾ ਸੀ।
ਡਾਕਟਰ ਵਲੋਂ ਪੇਸ਼ ਹੋਏ ਵਕੀਲ ਨੇ ਦਲੀਲ ਦਿਤੀ ਕਿ ਧੀ ਨੂੰ ਗਵਾਹੀ ਲਈ ਸਿਖਾਇਆ ਗਿਆ ਸੀ। ਵਕੀਲ ਨੇ ਕਿਹਾ ਕਿ ਇਲਾਹਾਬਾਦ ਹਾਈ ਕੋਰਟ ਵਿਚ 12 ਲੱਖ ਤੋਂ ਵੱਧ ਮਾਮਲੇ ਲੰਬਿਤ ਹਨ, ਇਸ ਲਈ ਸਜ਼ਾ ਵਿਰੁਧ ਅਪੀਲ ’ਤੇ ਜਲਦੀ ਸੁਣਵਾਈ ਨਹੀਂ ਹੋਵੇਗੀ। ਸੁਪਰੀਮ ਕੋਰਟ ਨੇ ਕਿਹਾ ਕਿ ਇਹ ਸਜ਼ਾ ਨੂੰ ਮੁਅੱਤਲ ਕਰਨ ਦਾ ਆਧਾਰ ਨਹੀਂ ਹੋ ਸਕਦਾ। ਇਸ ਤੋਂ ਬਾਅਦ, ਵਕੀਲ ਨੇ ਪਟੀਸ਼ਨ ਵਾਪਸ ਲੈ ਲਈ ਅਤੇ ਕੇਸ ਨੂੰ ਵਾਪਸ ਲਿਆ ਮੰਨ ਕੇ ਰੱਦ ਕਰ ਦਿਤਾ ਗਿਆ। ਜ਼ਿਕਰਯੋਗ ਹੈ ਕਿ ਐਫ਼ਆਈਆਰ ’ਚ ਪੀੜਤਾ ਦੀ ਮਾਂ ਨੇ ਅਪਣੇ ਪਤੀ ’ਤੇ ਅਪਣੀ ਧੀ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਸੀ।